ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣ ਏਬੀਵੀਪੀ ਨੇ ਜਿੱਤੀ
ਚੰਡੀਗੜ੍ਹ:- ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਇਸ ਵਾਰ ਫਿਰ ਤੋਂ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਦੀ ਜਿੱਤ ਹੋਈ ਹੈ। ਏ.ਬੀ.ਵੀ.ਪੀ. ਦੇ ਉਮੀਦਵਾਰ ਅੰਕਿਤ ਬਿਧਾਨ ਇਹ ਚੋਣ ਜਿੱਤ ਕੇ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਬਣ ਗਏ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਦਿਆਰਥੀ ਵਿੰਗ ਐੱਸ ਓ ਆਈ ਵੱਲੋਂ ਵੀ ਬੀਤੇ ਦਿਨ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਨੂੰ ਸਮਰਥਨ ਦੇ ਦਿੱਤਾ ਗਿਆ ਸੀ। ਅੱਜ ਅੰਕਿਤ ਬਿਧਾਨ ਦੀ ਜਿੱਤ ਅਤੇ ਇਸ ਗਠਜੋੜ ਨੇ ਸਿਆਸੀ ਗਲਿਆਰਿਆਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਨਵੀਂ ਚਰਚਾ ਛੇੜ ਦਿੱਤੀ ਹੈ।
ਜਿਉਂ ਹੀ ਅੱਜ ਪੀ ਯੂ ਦੇ ਜਿਮਨੇਜ਼ੀਅਮ ਹਾਲ ਵਿੱਚ ਚੋਣ ਨਤੀਜੇ ਐਲਾਨੇ ਗਏ ਤਾਂ ਅੰਕਿਤ ਬਿਧਾਨ ਦੀ ਜਿੱਤ ਦੀ ਖਬਰ ਸੁਣਦਿਆਂ ਹੀ ਏ ਬੀ ਵੀ ਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਅੰਕਿਤ ਦੇ ਸਮਰਥਕਾਂ ਨੇ ਉਸ ਨੂੰ ਮੋਢਿਆਂ ਉਤੇ ਚੁੱਕ ਕੇ ਜਿੱਤ ਦੇ ਜਸ਼ਨ ਮਨਾਏ। ਹਾਲਾਂਕਿ ਕਹਿਣ ਨੂੰ ਤਾਂ ਇਹ ਸਿਰਫ ਵਿਦਿਆਰਥੀ ਕੌਂਸਲ ਦੀ ਚੋਣ ਸੀ ਅਤੇ ਜਥੇਬੰਦੀਆਂ ਵੱਲੋਂ ਇਕ ਦੂਜੇ ਉਤੇ ਸਿਆਸੀ ਦਖਲਅੰਦਾਜ਼ੀ ਦੇ ਦੋਸ਼ ਲਗਾਏ ਜਾਂਦੇ ਰਹੇ ਪ੍ਰੰਤੂ ਅੱਜ ਚੋਣ ਨਤੀਜਾ ਘੋਸ਼ਿਤ ਹੁੰਦਿਆਂ ਹੀ ਸਿਆਸੀ ਪਾਰਟੀਆਂ ਦਾ ਖੁੱਲ੍ਹ ਕੇ ਚਿਹਰਾ ਸਾਹਮਣੇ ਆਇਆ।
ਏ ਬੀ ਵੀ ਪੀ ਦੇ ਜੇਤੂ ਰਹੇ ਪ੍ਰਧਾਨ ਅੰਕਿਤ ਨੇ ਜਿੱਤ ਉਪਰੰਤ ‘ਝਾੜੂ’ ਤੋੜ ਕੇ ਆਮ ਆਦਮੀ ਪਾਰਟੀ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ।
