ਸਰਕਾਰੀ ਹਸਪਤਾਲਾਂ ਚ ਗਰਭਵਤੀ ਔਰਤਾਂ ਨੂੰ ਕੀਤਾ ਜਾਗਰੂਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਅਗਸਤ:- ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਨੂੰ ਸੁਰੱਖਿਤ ਮਾਤ੍ਰਤਵ ਬਾਰੇ ਜਾਣਕਾਰੀ ਦਿਤੀ ਗਈ ਅਤੇ ਵਿਸ਼ੇਸ਼ ਜਾਂਚ ਕੀਤੀ ਗਈ l
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਸਿੰਗਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਸੀ.ਐੱਚ.ਸੀ ਅਤੇ ਪੀ ਐਚ ਸੀ ਅਤੇ ਸਬ ਡਵੀਜ਼ਨਲ ਹਸਪਤਾਲਾਂ  ਅਤੇ ਜ਼ਿਲ੍ਹਾ ਹਸਪਤਾਲ਼ ਵਿਖੇ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਅਤੇ ਜਾਗਰੂਕਤਾ ਸਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਗਰਭਵਤੀ ਔਰਤਾਂ  ਦੀ ਨਿਯਮਤ ਸਿਹਤ ਜਾਂਚ, ਲੋੜੀਂਦੇ ਟੈਸਟ, ਸਿਹਤ ਸਲਾਹ ਅਤੇ ਉੱਚ-ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਡਾ. ਤਮੰਨਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ  ਨੂੰ ਗਰਭ ਅਵਸਥਾ ਦੌਰਾਨ ਨਿਯਮਤ ਸਿਹਤ ਜਾਂਚ ਕਰਵਾਉਣ, ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣ ਅਤੇ ਸਿਹਤ ਮਾਹਰਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੇਂ ਸਿਰ ਗਰਭ ਅਵਸਥਾ ਦੀ ਜਾਂਚ ਅਤੇ ਉੱਚ-ਖਤਰੇ ਵਾਲੀ ਗਰਭ ਅਵਸਥਾ ਦੀ ਪਛਾਣ ਮਾਂ ਅਤੇ ਬੱਚੇ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ।