ਪਟਿਆਲਾ, 28 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ। ਇਸ ਦੌਰਾਨ 43 ਫ਼ੀਸਦੀ ਵੋਟਾਂ ਭੁਗਤੀਆਂ। ਹਾਲਾਂਕਿ, ਪੋਲਿੰਗ ਦੌਰਾਨ ਕੁਝ ਘਟਨਾਵਾਂ ਅਤੇ ਬਦਸਲੂਕੀ ਦੇ ਦੋਸ਼ ਵੀ ਸਾਹਮਣੇ ਆਏ।
ਵਾਰਡ ਨੰਬਰ 48 ਵਿੱਚ ਭਾਜਪਾ ਵਰਕਰ ਦੇ 15 ਸਾਲਾ ਪੁੱਤਰ ਨਾਲ ਕੁੱਟਮਾਰ ਅਤੇ ਬਦਸਲੂਕੀ ਕੀਤੇ ਜਾਣ ਦੇ ਦੋਸ਼ ਲੱਗੇ। ਭਾਜਪਾ ਆਗੂ ਜੈ ਇੰਦਰ ਕੌਰ ਨੇ ਦੋਸ਼ ਲਾਇਆ ਕਿ ਘਟਨਾ ਸਮੇਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੌਕੇ 'ਤੇ ਮੌਜੂਦ ਸਨ। ਇਸ ਦੌਰਾਨ ਜੈ ਇੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਪਾਲ ਮਿੱਕੀ ਵਿਚਕਾਰ ਵੀ ਬਹਿਸ ਹੋਈ।
ਵਾਰਡ ਨੰਬਰ 44 ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਵਿਵਾਦ ਹੋਣ ਦੀ ਸੂਚਨਾ ਮਿਲੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਨੂੰ ਹਾਈਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਵੋਟਾਂ ਦੀ ਗਿਣਤੀ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ। ਈਵੀਐਮਜ਼ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ।
