ਚੰਡੀਗੜ੍ਹ, 28 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਪੀਡਬਲਯੂਡੀ ਰੈਸਟ ਹਾਊਸ ਵਿਖੇ ਰਾਹਗੀਰੀ ਅਤੇ ਨਗਾਰੋ ਫਾਊਂਡੇਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਗੁਰੂਗ੍ਰਾਮ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਸੁੰਦਰੀਕਰਨ, ਸ਼ਹਿਰੀ ਆਵਾਜਾਈ ਅਤੇ ਸੜਕਾਂ ਦੇ ਵਿਕਾਸ ਨਾਲ ਜੁੜੇ ਵਿਸ਼ਿਆਂ ’ਤੇ ਚਰਚਾ ਕੀਤੀ। ਮੀਟਿੰਗ ਵਿੱਚ ਦੋਵਾਂ ਫਾਊਂਡੇਸ਼ਨਾਂ ਦੇ ਨੁਮਾਇੰਦਿਆਂ ਨੇ ਆਧੁਨਿਕ ਸੜਕਾਂ ਵਿਕਸਿਤ ਕਰਨ, ਹਰਿਆਵਲ ਵਾਲੇ ਖੇਤਰ ਵਧਾਉਣ ਅਤੇ ਸਟ੍ਰੀਟ ਵੈਂਡਿੰਗ ਨੂੰ ਵਿਵਸਥਿਤ ਕਰਨ ਸਬੰਧੀ ਸੁਝਾਅ ਪੇਸ਼ ਕੀਤੇ। ਮੀਟਿੰਗ ਵਿੱਚ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਡਾ. ਯਸ਼ਪਾਲ ਯਾਦਵ ਅਤੇ ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਡਾ. ਪੰਕਜ ਵੀ ਮੌਜੂਦ ਰਹੇ।

ਮੁੱਖ ਮੰਤਰੀ ਨੇ ਦੋਵਾਂ ਫਾਊਂਡੇਸ਼ਨਾਂ ਤੋਂ ਪ੍ਰਾਪਤ ਸੁਝਾਵਾਂ ’ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ ਵਿੱਚ ਸਨਾਥ ਰੋਡ ਦੀ ਤਰਜ਼ ’ਤੇ ਸ਼ਹਿਰੀ ਆਵਾਜਾਈ ਦੇ ਸਿਧਾਂਤਾਂ ਅਨੁਸਾਰ ਆਧੁਨਿਕ ਸੜਕਾਂ ਵਿਕਸਿਤ ਕੀਤੀਆਂ ਜਾਣ। ਇਨ੍ਹਾਂ ਸੜਕਾਂ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਕੀਤੀ ਜਾਵੇ ਕਿ ਵਾਹਨਾਂ ਦੀ ਸੁਚਾਰੂ ਆਵਾਜਾਈ ਦੇ ਨਾਲ-ਨਾਲ ਪੈਦਲ ਰਾਹਗੀਰਾਂ ਅਤੇ ਸਾਈਕਲ ਚਾਲਕਾਂ ਨੂੰ ਵੀ ਲੋੜੀਂਦੀ ਜਗ੍ਹਾ ਮਿਲੇ। ਉਨ੍ਹਾਂ ਸਾਰੀਆਂ ਸੜਕਾਂ ’ਤੇ ਫੁੱਟਪਾਥ ਦੀ ਡਿਜ਼ਾਈਨ ਵਿੱਚ ਇਕਸਾਰਤਾ ਰੱਖਣ, ਪੈਦਲ ਯਾਤਰੀਆਂ ਲਈ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਅਤੇ ਜਲ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੀ ਯੋਜਨਾ ਸਿਰਫ਼ ਵਾਹਨਾਂ ਦੀ ਆਵਾਜਾਈ ਤੱਕ ਸੀਮਤ ਨਾ ਰਹੇ, ਸਗੋਂ ਇਸ ਵਿੱਚ ਨਾਗਰਿਕਾਂ ਦੀ ਸੁਰੱਖਿਆ, ਸਹੂਲਤ ਅਤੇ ਵਾਤਾਵਰਣ ਦੀ ਸੰਭਾਲ ਦਾ ਵੀ ਧਿਆਨ ਰੱਖਿਆ ਜਾਵੇ।

ਮੁੱਖ ਮੰਤਰੀ ਨੇ ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ ਅਰਬਨ ਫੋਰੈਸਟ ਦੀ ਤਰਜ਼ ’ਤੇ ਨਵੇਂ ਸਥਾਨ ਚਿੰਨ੍ਹਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਜਾਵੇ, ਜਿੱਥੇ ਵੱਧ ਤੋਂ ਵੱਧ ਰੁੱਖ ਅਤੇ ਬੂਟੇ ਲਗਾ ਕੇ ਨਵੇਂ ਹਰਿਆਵਲ ਵਾਲੇ ਖੇਤਰ ਵਿਕਸਿਤ ਕੀਤੇ ਜਾ ਸਕਣ। ਇਸ ਦੇ ਨਾਲ ਹੀ ਤ੍ਰਿਵੇਣੀ ਅਤੇ ਮਿਆਵਾਕੀ ਪੱਧਤੀ ਅਨੁਸਾਰ ਬੂਟੇ ਲਗਾਉਣ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਸੜਕ ਵਿਕਾਸ ਯੋਜਨਾਵਾਂ ਦੇ ਨਾਲ ਬੂਟੇ ਲਗਾਉਣ ਅਤੇ ਹਰਿਆਵਲ ਵਾਲੇ ਖੇਤਰ ਵਿਕਸਿਤ ਕਰਨ ਦੀ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾ, ਤਾਂ ਜੋ ਸ਼ਹਿਰ ਵਿੱਚ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਦੇ ਨਾਲ ਨਾਗਰਿਕਾਂ ਨੂੰ ਸਾਫ਼-ਸੁਥਰਾ ਅਤੇ ਬਿਹਤਰ ਵਾਤਾਵਰਣ ਮਿਲ ਸਕੇ।

ਮੀਟਿੰਗ ਵਿੱਚ ਸਟ੍ਰੀਟ ਵੈਂਡਿੰਗ ਨੂੰ ਵਿਵਸਥਿਤ ਕਰਨ ਦੇ ਵਿਸ਼ੇ ’ਤੇ ਵੀ ਵਿਸਥਾਰ ਨਾਲ ਚਰਚਾ ਹੋਈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਗੁਰੂਗ੍ਰਾਮ ਦੇ ਸਾਰੇ ਸੈਕਟਰਾਂ ਵਿੱਚ ਢੁਕਵੀਆਂ ਥਾਵਾਂ ਦੀ ਪਛਾਣ ਕਰਕੇ ਨਿਰਧਾਰਤ ਸਟ੍ਰੀਟ ਵੈਂਡਿੰਗ ਜ਼ੋਨ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰੇਹੜੀ-ਫੜ੍ਹੀ ਚਲਾਉਣ ਵਾਲਿਆਂ ਨੂੰ ਵਿਵਸਥਿਤ ਥਾਂ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਉਨ੍ਹਾਂ ਦਾ ਰੁਜ਼ਗਾਰ ਵੀ ਪ੍ਰਭਾਵਿਤ ਨਾ ਹੋਵੇ ਅਤੇ ਫੁੱਟਪਾਥਾਂ, ਸੜਕਾਂ ਅਤੇ ਗ੍ਰੀਨ ਬੈਲਟ ’ਤੇ ਕਬਜ਼ੇ ਦੀ ਸਥਿਤੀ ਵੀ ਪੈਦਾ ਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਵਿੱਚ ਚਾਰ ਥਾਵਾਂ ’ਤੇ ਸਬਜ਼ੀ ਮੰਡੀਆਂ ਲਈ ਢੁਕਵੀਂ ਜਗ੍ਹਾ ਚਿੰਨ੍ਹਿਤ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਬਾਜ਼ਾਰਾਂ ਨੂੰ ਵਿਵਸਥਿਤ ਕੀਤਾ ਜਾ ਸਕੇ ਅਤੇ ਆਵਾਜਾਈ ਪ੍ਰਬੰਧ ਵੀ ਸੁਚਾਰੂ ਬਣੇ ਰਹਿਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਰਿਆਣਾ ਦੀ ਸ਼ਾਨਦਾਰ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਸੰਭਾਲਣ ਦੇ ਉਦੇਸ਼ ਨਾਲ ਸ਼ਹਿਰ ਵਿੱਚ ਮਿਊਜ਼ੀਅਮ ਦੇ ਨਿਰਮਾਣ ਲਈ ਢੁਕਵੀਂ ਥਾਂ ਚਿੰਨ੍ਹਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸ਼ਹਿਰ ਵਿੱਚ ਜਿੱਥੇ ਵੀ ਸੀਸੀ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉੱਥੇ ਸਬੰਧਤ ਵਿਭਾਗ ਅਤੇ ਨਗਰ ਨਿਗਮ ਨਿਰਮਾਣ ਸਮੇਂ ਹੀ ਯੂਟਿਲਿਟੀ ਪਾਈਪ ਅਤੇ ਲੋੜੀਂਦੀਆਂ ਡਕਟਾਂ ਪਾਉਣ ਦੀ ਵਿਵਸਥਾ ਯਕੀਨੀ ਬਣਾਉਣ। ਇਸ ਨਾਲ ਭਵਿੱਖ ਵਿੱਚ ਪੀਣ ਵਾਲੇ ਪਾਣੀ, ਸੀਵਰੇਜ ਅਤੇ ਹੋਰ ਸਹੂਲਤਾਂ ਨਾਲ ਸਬੰਧਤ ਕੰਮਾਂ ਲਈ ਵਾਰ-ਵਾਰ ਸੜਕਾਂ ਦੀ ਖੁਦਾਈ ਨਹੀਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਲੋੜੀਂਦੇ ਪ੍ਰਬੰਧ ਕਰਨ ਨਾਲ ਨਾਗਰਿਕਾਂ ਨੂੰ ਹੋਣ ਵਾਲੀ ਅਸੁਵਿਧਾ ਤੋਂ ਬਚਾਇਆ ਜਾ ਸਕੇਗਾ ਅਤੇ ਸਰਕਾਰੀ ਪੈਸੇ ਦੀ ਵੀ ਬੱਚਤ ਹੋਵੇਗੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੀਟਿੰਗ ਵਿੱਚ ਪ੍ਰਾਪਤ ਸਾਰੇ ਸੁਝਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਗੁਰੂਗ੍ਰਾਮ ਦੇ ਵਿਕਾਸ ਵਿੱਚ ਆਧੁਨਿਕ ਸ਼ਹਿਰੀ ਯੋਜਨਾਬੰਦੀ ਅਤੇ ਨਾਗਰਿਕ ਸਹੂਲਤਾਂ ਨੂੰ ਤਰਜੀਹ ਦੇਣ।

ਮੀਟਿੰਗ ਵਿੱਚ ਵਧੀਕ ਨਿਗਮ ਕਮਿਸ਼ਨਰ ਯਸ਼ ਜਾਲੁਕਾ ਅਤੇ ਰਵਿੰਦਰ ਕੁਮਾਰ, ਰਾਹਗੀਰੀ ਫਾਊਂਡੇਸ਼ਨ ਤੋਂ ਸਾਰਿਕਾ ਪਾਂਡਾ ਅਤੇ ਨਗਾਰੋ ਫਾਊਂਡੇਸ਼ਨ ਤੋਂ ਸੀਈਓ ਮਾਨਸ ਹਿਊਮਨ ਮੌਜੂਦ ਰਹੇ।