ਪਟਿਆਲਾ, 28 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਲਾਲ ਕੋਠੀ ਸਟੈਬਲਜ਼ ਵੱਲੋਂ ਪਟਿਆਲਾ-ਸੰਗਰੂਰ ਬਾਈਪਾਸ (ਐਨ.ਐਚ.-7) ’ਤੇ ਕਰਵਾਏ ਜਾ ਰਹੇ ਪੰਜਾਬ ਹਾਰਸ ਬ੍ਰੀਡ ਐਂਡ ਹੈਰੀਟੇਜ ਸ਼ੋਅ ਦੇ ਅੱਜ ਤੀਜੇ ਦਿਨ ਨੁਕਰੀ ਨਸਲ ਦੀਆਂ ਘੋੜੀਆਂ ਦੇ ਦਿਲਚਸਪ ਮੁਕਾਬਲੇ ਹੋਏ, ਜਿਸ ਦੌਰਾਨ ਦੁੱਧ ਚਿੱਟੀਆਂ ਅਤੇ ਚਮਕਦਾਰ ਘੋੜੀਆਂ ਵੇਖਣ ਨੂੰ ਮਿਲੀਆਂ। ਖੰਗੂੜਾ ਸਟੱਡ ਫਾਰਮ ਦੇ ਜੀਤ ਪ੍ਰਧਾਨ ਦੀ ਘੋੜੀ ‘ਨੂਰੀ’ ਪਹਿਲੇ ਸਥਾਨ ’ਤੇ ਰਹੀ। ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਘੋੜੀਆਂ ਵੀ ਕਮਾਲ ਦੀਆਂ ਸਨ। ਸ਼ੋਅ ਦੇ ਮੁੱਖ ਪ੍ਰਬੰਧਕ ਪ੍ਰੋਫੈਸਰ ਸੁਮੇਰ ਸੀੜਾ ਨੇ ਦੱਸਿਆ ਕਿ ਭਲਕੇ (ਐਤਵਾਰ) ਨੂੰ ਸਟੈਲੀਅਨ ਘੋੜਿਆਂ ਦੇ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚਾਰ ਰੋਜ਼ਾ ਸ਼ੋਅ ਦੇ ਭਲਕੇ ਆਖਰੀ ਦਿਨ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਦਾ ਗਾਇਕੀ ਦਾ ਅਖਾੜਾ ਲੱਗੇਗਾ ਅਤੇ ਭੰਡ ਕਲਾਕਾਰ ਵੀ ਆਪਣੀ ਪੇਸ਼ਕਾਰੀ ਦੇਣਗੇ। ਪ੍ਰੋ. ਸੀੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ।