ਚੰਡੀਗੜ੍ਹ, 23 ਨਵੰਬਰ (ਪੈਗਾਮ-ਏ-ਜਗਤ):- ਪੰਜਾਬ ਇੰਜੀਨੀਅਰਿੰਗ ਕਾਲਜ (ਪੀ.ਈ.ਸੀ.), ਚੰਡੀਗੜ੍ਹ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਪੀ.ਐੱਚ.ਡੀ. ਵਿਦਿਆਰਥੀਆਂ ਦੀ ਇੱਕ ਟੀਮ ਨੇ ਹਾਲ ਹੀ ਵਿੱਚ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੁਲਾਣਾ, ਅੰਬਾਲਾ ਵਿਖੇ ਕਰਵਾਈ ਗਈ ਇੰਟਰਨੈਸ਼ਨਲ ਕਾਨਫਰੰਸ ਆਨ ਐਡਵਾਂਸਿਜ਼ ਇਨ ਸਿਵਲ ਐਂਡ ਇਨਵਾਇਰਨਮੈਂਟਲ ਇੰਜੀਨੀਅਰਿੰਗ (ਆਈ.ਸੀ.ਏ.ਸੀ.ਈ.ਈ.-2026) ਵਿੱਚ ਚਾਰ ਸਰਵੋਤਮ ਖੋਜ ਪੱਤਰ ਪੁਰਸਕਾਰ ਜਿੱਤੇ।

ਪੀ.ਐੱਚ.ਡੀ. ਖੋਜਾਰਥੀਆਂ ਵੰਸ਼ਿਕਾ, ਵਿਸ਼ਵਜੀਤ ਅਤੇ ਪਵਨ ਅਤੇ ਪੋਸਟਗ੍ਰੈਜੂਏਟ ਖੋਜਾਰਥੀ ਪੂਜਾ ਨੇ ਆਪੋ-ਆਪਣੇ ਤਕਨੀਕੀ ਸੈਸ਼ਨਾਂ ਵਿੱਚ ਸਰਵੋਤਮ ਖੋਜ ਪੱਤਰ ਪੁਰਸਕਾਰ ਹਾਸਲ ਕੀਤੇ। ਕਾਨਫਰੰਸ ਵਿੱਚ ਐਨ.ਆਈ.ਟੀਜ਼, ਆਈ.ਆਈ.ਟੀਜ਼ ਅਤੇ ਕਈ ਹੋਰ ਪ੍ਰਸਿੱਧ ਸੰਸਥਾਵਾਂ ਦੇ ਖੋਜਕਰਤਾਵਾਂ ਨੇ ਲਗਭਗ 100 ਖੋਜ ਪੱਤਰ ਪੇਸ਼ ਕੀਤੇ। ਕਾਨਫਰੰਸ ਵਿੱਚ ਖੋਜ ਪੱਤਰ ਪੇਸ਼ ਕਰਨ ਵਾਲੇ ਪੀ.ਈ.ਸੀ. ਦੇ ਹੋਰ ਵਿਦਿਆਰਥੀਆਂ ਵਿੱਚ ਰਜਤ ਗੌਤਮ, ਉਦੈ ਗਰਗ, ਗੁਨੀਸ਼, ਮਨੀਸ਼ ਕੁਮਾਰ ਅਤੇ ਰਿਤੇਸ਼ ਸ਼ਾਮਲ ਸਨ।

ਪੀ.ਈ.ਸੀ. ਦੇ ਫੈਕਲਟੀ ਮੈਂਬਰ ਡਾ. ਹਰ ਅਮ੍ਰਿਤ ਸਿੰਘ ਸੰਧੂ ਵੀ ਟੀਮ ਦੇ ਨਾਲ ਗਏ। ਉਨ੍ਹਾਂ ਨੂੰ ਇਸ ਵੱਕਾਰੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਜਿਓਸਪੇਸ਼ਲ ਤਕਨਾਲੋਜੀਆਂ ਬਾਰੇ ਭਾਸ਼ਣ ਦੇਣ ਅਤੇ ਸੈਸ਼ਨ ਚੇਅਰ ਵਜੋਂ ਸੇਵਾ ਨਿਭਾਉਣ ਲਈ ਸੱਦਾ ਦਿੱਤਾ ਗਿਆ ਸੀ।

ਉਨ੍ਹਾਂ ਦੇ ਭਾਸ਼ਣ ਵਿੱਚ ਇੱਕ ਲਾਈਵ ਪ੍ਰੋਜੈਕਟ ਵੀ ਸ਼ਾਮਲ ਸੀ, ਜਿਸ ਰਾਹੀਂ ਸਿਵਲ ਇੰਜੀਨੀਅਰਿੰਗ ਵਿੱਚ ਜਿਓਸਪੇਸ਼ਲ ਤਕਨਾਲੋਜੀਆਂ ਦੇ ਅਸਲ ਜੀਵਨ ਵਿੱਚ ਵਰਤੋਂ ਦੇ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ ਗਿਆ। ਡੈਲੀਗੇਟਾਂ ਨੇ ਉਨ੍ਹਾਂ ਦੇ ਭਾਸ਼ਣ ਦੀ ਭਰਪੂਰ ਸ਼ਲਾਘਾ ਕੀਤੀ। ਪੀ.ਈ.ਸੀ. ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਐਸ.ਕੇ. ਸਿੰਘ ਨੇ ਪੁਰਸਕਾਰ ਜੇਤੂਆਂ ਅਤੇ ਪੂਰੀ ਪੀ.ਈ.ਸੀ. ਟੀਮ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ, "ਇਹ ਪੀ.ਈ.ਸੀ. ਲਈ ਮਾਣ ਵਾਲਾ ਪਲ ਹੈ। ਸਾਡੇ ਯੂ.ਜੀ., ਪੀ.ਜੀ. ਅਤੇ ਪੀ.ਐੱਚ.ਡੀ. ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਮਿਲੀ ਪਛਾਣ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਖੋਜ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।"

ਵਿਦਿਆਰਥੀਆਂ ਨੇ ਆਪਣੇ ਗਾਈਡਾਂ ਪ੍ਰੋ. ਸ਼ਕਤੀ ਅਰੋੜਾ, ਪ੍ਰੋ. ਪੀ.ਕੇ. ਗੁਪਤਾ, ਡਾ. ਉਤਸਵ, ਪ੍ਰੋ. ਬਲਦੇਵ ਸੇਤੀਆ ਅਤੇ ਡਾ. ਐਚ.ਏ.ਐਸ. ਸੰਧੂ, ਸਿਵਲ ਇੰਜੀਨੀਅਰਿੰਗ ਵਿਭਾਗ ਅਤੇ ਸੰਸਥਾ ਦੇ ਪ੍ਰਬੰਧਨ ਵੱਲੋਂ ਮਿਲੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕੀਤਾ।