ਪਟਿਆਲਾ (ਕਾਕਾ ਰਾਮ ਵਰਮਾ):- ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਾਂਖਰ ਦੀ ਪ੍ਰਿੰਸੀਪਲ ਡਾ. ਕਰਮਜੀਤ ਕੌਰ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਐਮਰਜੈਂਸੀ ਦੌਰਾਨ ਹਾਦਸਿਆਂ ਨੂੰ ਰੋਕਣ ਅਤੇ ਪੀੜਤਾਂ ਨੂੰ ਫਸਟ ਏਡ, ਸੀਪੀਆਰ ਅਤੇ ਫਾਇਰ ਸੇਫਟੀ ਸਬੰਧੀ ਸਿਖਲਾਈ ਦੇਣਾ ਸੀ।

ਉਨ੍ਹਾਂ ਕਿਹਾ ਕਿ ਪਿੰਡਾਂ ਦੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਅਤੇ ਦਿਲ, ਦਿਮਾਗ, ਲੀਵਰ ਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਮੁੱਖ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਨੇ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇ, ਖੂਨ ਵਗਣ, ਗੈਸ ਲੀਕ ਹੋਣ, ਬਿਜਲੀ ਦਾ ਕਰੰਟ ਲੱਗਣ ਅਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਦੌਰਾਨ ਕੀਮਤੀ ਜਾਨਾਂ ਅਤੇ ਜਾਇਦਾਦ ਬਚਾਉਣ ਦੀ ਸਿਖਲਾਈ ਦਿੱਤੀ।

ਉਨ੍ਹਾਂ ਨੇ ਘਰਾਂ ਵਿੱਚ ਬਿਜਲੀ, ਗੈਸ, ਅੰਗੀਠੀਆਂ, ਹੀਟਰਾਂ ਅਤੇ ਬਾਲਣ ਦੀ ਵਰਤੋਂ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਘਟਾਉਣ ਸਬੰਧੀ ਵੀ ਵਡਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਹ ਜਾਂ ਦਿਲ ਸਬੰਧੀ ਐਮਰਜੈਂਸੀ, ਦਿਮਾਗੀ ਕਿਰਿਆਵਾਂ ਬੰਦ ਹੋਣ, ਖੂਨ ਵਗਣ, ਗਲੇ ਵਿੱਚ ਕੁਝ ਫਸਣ, ਬਲੱਡ ਪ੍ਰੈਸ਼ਰ ਦੀ ਸਮੱਸਿਆ, ਸ਼ੂਗਰ ਘਟਣ ਅਤੇ ਗੈਸ, ਧੂੰਏਂ ਜਾਂ ਮਲਬੇ ਵਿੱਚ ਫਸੇ ਲੋਕਾਂ ਦੀ ਫਸਟ ਏਡ, ਢੁੱਕਵੀਂ ਸਥਿਤੀ ਵਿੱਚ ਲਿਟਾਉਣ ਅਤੇ ਸੀਪੀਆਰ ਰਾਹੀਂ ਮਦਦ ਕੀਤੀ ਜਾ ਸਕਦੀ ਹੈ।

ਉਨ੍ਹਾਂ ਨੇ ਬੱਚਿਆਂ ਨੂੰ ਅਗਵਾ ਕਰਨ, ਘਰੋਂ ਭੱਜਣ, ਮਾੜੇ ਅਨਸਰਾਂ ਨਾਲ ਸਬੰਧ ਰੱਖਣ ਅਤੇ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਪੋਕਸੋ ਐਕਟ ਤਹਿਤ ਹੋਣ ਵਾਲੀਆਂ ਸਜ਼ਾਵਾਂ ਬਾਰੇ ਵੀ ਸਮਝਾਇਆ।

ਇਸ ਮੌਕੇ ਸ੍ਰੀ ਸੱਸੀ ਮਾਨ, ਇੰਚਾਰਜ, ਇੰਦਰਪ੍ਰੀਤ ਕੌਰ, ਪ੍ਰੋਗਰਾਮ ਕੋਆਰਡੀਨੇਟਰ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਧ ਰਹੀਆਂ ਆਫ਼ਤਾਂ, ਬਿਮਾਰੀਆਂ, ਘਰੇਲੂ ਹਾਦਸਿਆਂ, ਨਸ਼ਿਆਂ ਅਤੇ ਅਪਰਾਧਾਂ ਨੂੰ ਰੋਕਣ, ਬੱਚਿਆਂ ਦੇ ਘਰੋਂ ਭੱਜਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਅਜਿਹੀਆਂ ਸਿਖਲਾਈਆਂ ਪਿੰਡਾਂ ਦੇ ਬੱਚਿਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਲਈ ਬਹੁਤ ਲਾਭਦਾਇਕ ਹਨ।

ਉਨ੍ਹਾਂ ਨੇ ਸੀਨੀਅਰ ਨਾਗਰਿਕ ਅਤੇ ਸੇਵਾਮੁਕਤ ਅਧਿਕਾਰੀ ਹੋਣ ਦੇ ਬਾਵਜੂਦ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਮੁਫ਼ਤ ਸਿਖਲਾਈ ਦੇ ਕੇ ਉਨ੍ਹਾਂ ਨੂੰ ਮੁਸੀਬਤ ਵਿੱਚ ਫਸੇ ਲੋਕਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ।