ਨਵਾਂਸ਼ਹਿਰ, 27 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) :- ਪਿੰਡ ਖੂਆਸਪੁਰਾ ਜ਼ਿਲ੍ਹਾ ਰੋਪੜ੍ਹ ਦੇ ਹੋਣਹਾਰ ਨੌਜਵਾਨ ਬਬਨਦੀਪ ਸਿੰਘ ਖਹਿਰਾ ਪੁੱਤਰ ਰਜਿੰਦਰ ਸਿੰਘ ਖਹਿਰਾ ਨੇ ਰੋਇੰਗ ਗੇਮ ਵਿੱਚ ਸਟੇਟ ਲੈਵਲ 'ਤੇ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ, ਪਿੰਡ ਅਤੇ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ। 2026 ਦੇ ਸਟੇਟ ਲੈਵਲ ਮੁਕਾਬਲਿਆਂ ਵਿੱਚ ਉਸ ਦੀ ਇਸ ਸ਼ਾਨਦਾਰ ਜਿੱਤ 'ਤੇ ਪੂਰੇ ਇਲਾਕੇ ਵੱਲੋਂ ਉਸ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਅਸੀਂ ਅਜਿਹੇ ਨੌਜਵਾਨਾਂ 'ਤੇ ਮਾਣ ਕਰਦੇ ਹਾਂ। ਅੱਜ ਪੰਜਾਬ ਵਿੱਚ ਜਿੱਥੇ ਨਸ਼ਿਆਂ ਦਾ ਇੱਕ ਦਰਿਆ ਵੱਗ ਰਿਹਾ ਹੈ, ਉੱਥੇ ਖੇਡ ਗਰਾਊਂਡ ਹੀ ਨੌਜਵਾਨ ਪੀੜ੍ਹੀ ਨੂੰ ਬਚਾ ਸਕਦੀ ਹੈ। ਅਸੀਂ ਮਾਣ ਕਰਦੇ ਹਾਂ ਅਜਿਹੇ ਨੌਜਵਾਨਾਂ 'ਤੇ ਜੋ ਅੱਜ ਵੀ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਖੇਡ ਪ੍ਰੇਮੀ ਇਸ 'ਤੇ ਹਮੇਸ਼ਾ ਪਿੰਡ ਤੇ ਪੰਜਾਬ ਇਲਾਕੇ ਦੇ ਯਾਦ ਮਾਣ ਮਹਿਸੂਸ ਕਰਦੇ ਰਹਿਣਗੇ।
ਇਸ ਮੌਕੇ ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਕਿਹਾ ਕਿ ਬਬਨਦੀਪ ਸਿੰਘ ਖਹਿਰਾ ਇੱਕ ਸਧਾਰਨ ਪਰਿਵਾਰ ਵਿੱਚੋਂ ਜੰਮਿਆ-ਪਲਿਆ ਹੈ। ਉਸ ਦੇ ਪਿਤਾ ਜੀ ਤੇ ਦਾਦਾ ਜੀ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਪਿਤਾ ਰਜਿੰਦਰ ਸਿੰਘ ਖਹਿਰਾ ਇੱਕ ਨਿੱਜੀ ਪੈਟਰੋਲ ਪੰਪ 'ਤੇ ਇਮਾਨਦਾਰ ਸੇਲਜ਼ਮੈਨ ਹਨ। ਇਲਾਕੇ ਵਿੱਚ ਉਹ ਪਹਿਲਾਂ ਹੀ ਆਪਣੀ ਪਹਿਚਾਣ ਬਣਾ ਚੁੱਕੇ ਹਨ, ਜੋ ਕਈ ਲੋਕਾਂ ਦਾ ਕੀਮਤੀ ਸੋਨਾ-ਗਹਿਣੇ ਵਾਪਸ ਕਰ ਚੁੱਕੇ ਹਨ।
ਇਸ ਕਰਕੇ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਨੇ ਕਿਹਾ ਕਿ ਰਜਿੰਦਰ ਸਿੰਘ ਖਹਿਰਾ ਨੇ ਕਈ ਵਾਰ ਸਾਡੀ ਹਾਜ਼ਰੀ ਵਿੱਚ ਲੋਕਾਂ ਦਾ ਕੀਮਤੀ ਸਮਾਨ ਵਾਪਸ ਕੀਤਾ ਹੈ। ਸਰਪੰਚ ਸਿਕੰਦਰ ਸਿੰਘ ਲਾਂਦੀ ਰੈਲ ਮਾਜਰਾ ਨੇ ਵੀ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਇੱਕ ਮਿਹਨਤੀ ਇਨਸਾਨ ਦੀ ਕਿਰਤ ਦਾ ਨਤੀਜਾ ਹੈ। ਅੱਜ ਦੇ ਸਮੇਂ ਵਿੱਚ ਅਜਿਹੇ ਬੱਚੇ ਜਿੱਥੇ ਮਾਂ-ਬਾਪ ਦਾ ਨਾਂ ਰੌਸ਼ਨ ਕਰਦੇ ਹਨ, ਉੱਥੇ ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਵੀ ਨਾਂ ਰੌਸ਼ਨ ਕਰਦੇ ਹਨ।
ਇਸ ਮੌਕੇ ਸਰਪੰਚ ਸਤਪਾਲ ਸੰਧੂ ਰੈਲ, ਸਰਪੰਚ ਸੁਰਿੰਦਰ ਸ਼ਰਮਾ ਮਾਜਰਾ ਬੇਟ, ਸਰਪੰਚ ਮੋਹਣ ਗੁਪਤਾ ਪ੍ਰੇਮ ਨਗਰ, ਸੰਜੀਵ ਸੋਨੂੰ ਪ੍ਰੇਮ ਨਗਰ ਅਤੇ ਹੋਰ ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਬਬਨਦੀਪ ਸਿੰਘ ਖਹਿਰਾ ਦੇ ਪਿਤਾ ਰਜਿੰਦਰ ਸਿੰਘ ਖਹਿਰਾ ਨੂੰ ਵਧਾਈਆਂ ਦਿੱਤੀਆਂ ਗਈਆਂ।
