ਐਸ ਏ ਐਸ ਨਗਰ, 27 ਨਵੰਬਰ:- ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਵਿੱਤ ਅਤੇ ਠੇਕਾ ਕਮੇਟੀ ਦੀਆਂ ਵੱਖ ਵੱਖ ਮੀਟਿੰਗਾਂ ਵਿੱਚ ਪਾਸ ਹੋਏ ਅਤੇ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੱਖ ਵੱਖ ਫਰਮਾਂ ਤੇ ਠੇਕੇਦਾਰਾਂ ਨੂੰ ਅਲਾਟ ਕੀਤੇ ਗਏ ਵਿਕਾਸ ਦੇ ਕੰਮ ਇੱਕ ਹਫ਼ਤੇ ਦੇ ਅੰਦਰ ਹਰ ਹਾਲਤ ਵਿੱਚ ਸ਼ੁਰੂ ਕਰਵਾਏ ਜਾਣ।
ਮੇਅਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਫਰਮਾਂ ਜਾਂ ਠੇਕੇਦਾਰਾਂ ਵਲੋਂ ਇਸ ਨਿਰਧਾਰਿਤ ਸਮੇਂ ਅੰਦਰ ਵੀ ਕੰਮ ਸ਼ੁਰੂ ਨਹੀਂ ਕੀਤੇ ਜਾਂਦੇ ਤਾਂ ਅਗਲੀ ਹਾਊਸ ਮੀਟਿੰਗ ਵਿੱਚ ਉਹਨਾਂ ਨੂੰ ਬਲੈਕਲਿਸਟ ਕਰਨ ਲਈ ਮਤਾ ਪੇਸ਼ ਕੀਤਾ ਜਾਵੇਗਾ। ਮੇਅਰ ਨੇ ਲਿਖਿਆ ਹੈ ਕਿ ਸ਼ਹਿਰ ਵਾਸੀਆਂ ਅਤੇ ਸਮੂਹ ਕੌਂਸਲਰਾਂ ਵਲੋਂ ਲਗਾਤਾਰ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਨਹੀਂ ਹੋਏ, ਜਿਸ ਕਾਰਨ ਨਾਗਰਿਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ।
ਉਹਨਾਂ ਲਿਖਆ ਹੈ ਕਿ ਟੈਂਡਰ, ਅਨੁਮਾਨ ਅਤੇ ਬਜਟ ਮਿਲ ਜਾਣ ਪਿੱਛੋਂ ਵਿਕਾਸ ਕਾਰਜਾਂ ਨੂੰ ਲਮਕਾਇਆ ਜਾ ਰਿਹਾ ਹੈ, ਜਿਸ ਨਾਲ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਪ੍ਰਸ਼ਾਸਨਿਕ ਸੰਵੇਦਨਸ਼ੀਲਤਾ ਤੇ ਸਵਾਲ ਉੱਠ ਰਹੇ ਹਨ।
ਮੇਅਰ ਨੇ ਕਿਹਾ ਕਿ ਕਈ ਮਹੱਤਵਪੂਰਨ ਕੰਮਿਵੇਂ ਪਾਰਕਾਂ ਦੇ ਵਿਕਾਸ ਅਤੇ ਰੱਖ ਰਖਾਵ, ਪੇਵਰ ਬਲਾਕ ਲਗਾਉਣ, ਕਰਬ ਚੈਨਲਾਂ ਦੀ ਰਿਪੇਅਰ, ਸੜਕਾਂ ਦੇ ਸਧਾਰਨ ਮੁਰੰਮਤ ਦੇ ਕੰਮ, ਯੋਗਾ ਸੈਂਟਰ ਦੀ ਉਸਾਰੀ ਅਤੇ ਧਰਮਸ਼ਾਲਾ ਦੀ ਉਸਾਰੀ ਆਦਿ ਦੇ ਵਰਕ ਆਰਡਰ 20 ਮਾਰਚ 2025 ਨੂੰ ਜਾਰੀ ਹੋ ਚੁੱਕੇ ਹਨ। ਇਸ ਸਭ ਦੇ ਬਾਵਜੂਦ ਕਈ ਸਾਈਟਾਂ ਤੇ ਕੰਮ ਸ਼ੁਰੂ ਨਹੀਂ ਹੋਇਆ।
1 ਹਫ਼ਤੇ ਵਿੱਚ ਕੰਮ ਸ਼ੁਰੂ ਨਾ ਹੋਇਆ ਤਾਂ ਠੇਕੇਦਾਰ ਹੋਣਗੇ ਬਲੈਕਲਿਸਟ ਮੇਅਰ ਜੀਤੀ ਸਿੱਧੂ
