ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਨਵੰਬਰ (ਪੈਗਾਮ-ਏ-ਜਗਤ):- ਨਿਊ ਚੰਡੀਗੜ੍ਹ ਦੇ ਪੱਲਣਪੁਰ ਵਿਖੇ ਕਰਵਾਏ ਜਾ ਰਹੇ ਘੋੜਸਵਾਰੀ ਮੇਲਾ-3.0 ਦੇ ਦੂਜੇ ਦਿਨ ਘੋੜਸਵਾਰਾਂ ਨੇ ਸ਼ੋਅ ਜੰਪਿੰਗ, ਡ੍ਰੈਸਾਜ਼ ਅਤੇ ਟੈਂਟ ਪੈਗਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਮੁਹਾਰਤ, ਸਟੀਕਤਾ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਦਿੱਲੀ ਦੇ ਉਪਹਾਰ ਸਿਨੇਮਾ ਅਗਨੀ ਕਾਂਡ ਦੌਰਾਨ 150 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਉਂਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਫ਼ੌਜੀ ਅਧਿਕਾਰੀ ਅਤੇ ਉੱਘੇ ਘੋੜਸਵਾਰ ਕੈਪਟਨ ਮਨਜਿੰਦਰ ਸਿੰਘ ਭਿੰਡਰ ਨੂੰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਨੂੰ ਉਨ੍ਹਾਂ ਦੀ ਬੇਮਿਸਾਲ ਬਹਾਦਰੀ, ਨਿਸ਼ਕਾਮ ਸੇਵਾ ਅਤੇ ਘੋੜਸਵਾਰੀ ਖੇਡ ਵਿੱਚ ਪਾਏ ਯੋਗਦਾਨ ਲਈ ਮਰਨ ਉਪਰੰਤ ‘ਪੀ.ਈ.ਐੱਫ. ਪ੍ਰਾਈਡ ਆਫ਼ ਪੰਜਾਬ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਉਨ੍ਹਾਂ ਦੀਆਂ ਭੈਣਾਂ ਗੁਰਮਿੰਦਰ ਕੌਰ ਅਤੇ ਸੁਖਮਿੰਦਰ ਕੌਰ ਨੇ ਪਰਿਵਾਰ ਵੱਲੋਂ ਪ੍ਰਾਪਤ ਕੀਤਾ।

ਕੈਪਟਨ ਭਿੰਡਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਉਨ੍ਹਾਂ ਦੀ ਅਦੁੱਤੀ ਹਿੰਮਤ ਅਤੇ ਕੁਰਬਾਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਕਿ ਉਪਹਾਰ ਸਿਨੇਮਾ ਵਿੱਚ ਅੱਗ ਲੱਗਣ ਤੋਂ ਬਾਅਦ ਕੈਪਟਨ ਭਿੰਡਰ ਨੇ ਧੂੰਏਂ ਨਾਲ ਭਰੇ ਸਿਨੇਮਾ ਹਾਲ ਵਿੱਚ ਵਾਰ-ਵਾਰ ਦਾਖ਼ਲ ਹੋ ਕੇ ਉੱਥੇ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ 150 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਉਨ੍ਹਾਂ ਦਾ ਉਪਰਾਲਾ ਮਨੁੱਖਤਾ, ਹਿੰਮਤ ਅਤੇ ਫ਼ਰਜ਼ ਪ੍ਰਤੀ ਸਮਰਪਣ ਦੀ ਅਦੁੱਤੀ ਮਿਸਾਲ ਹੈ।

ਇਸੇ ਸਨਮਾਨ ਵਜੋਂ ਕੈਪਟਨ ਐੱਮ.ਐੱਸ. ਭਿੰਡਰ ਚੈਂਪੀਅਨ ਟਰਾਫ਼ੀ ਸ਼ੁਰੂ ਕੀਤੀ ਗਈ, ਜੋ ਸਿਕਸ ਬਾਰ ਸ਼ੋਅ ਜੰਪਿੰਗ ਮੁਕਾਬਲੇ ਦੇ ਜੇਤੂ ਅਭਿਸ਼ੇਕ ਚੋਪੜਾ ਨੂੰ ਪ੍ਰਦਾਨ ਕੀਤੀ ਗਈ। ਇਹ ਟਰਾਫ਼ੀ ਹਰ ਸਾਲ ਮੇਲੇ ਦਾ ਹਿੱਸਾ ਰਹੇਗੀ, ਤਾਂ ਜੋ ਕੈਪਟਨ ਭਿੰਡਰ ਦੀਆਂ ਖੇਡ ਪ੍ਰਾਪਤੀਆਂ ਅਤੇ ਬਹਾਦਰੀ ਦੀ ਗਾਥਾ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੀ ਰਹੇ।

ਸਿਕਸ ਬਾਰ ਮੁਕਾਬਲੇ ਵਿੱਚ ਮੋਦੀ ਇਕਵੇਸਟਰੀਅਨ ਅਕੈਡਮੀ, ਮੇਰਠ ਦੇ ਅਭਿਸ਼ੇਕ ਚੋਪੜਾ ਨੇ ਆਪਣੇ ਘੋੜੇ ਗ੍ਰੇਅ ਗੂਜ਼ ਨਾਲ 1.60 ਮੀਟਰ ਦੀ ਉਚਾਈ ਪਾਰ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਮੇਲੇ ਦਾ ਨਵਾਂ ਰਿਕਾਰਡ ਕਾਇਮ ਕੀਤਾ। ਸਟਰਲਿੰਗ ਸਟੇਬਲਜ਼, ਨਵੀਂ ਦਿੱਲੀ ਦੇ ਪੁਨੀਤ ਜਾਖੜ ਨੇ ਡਾਲਰ ਗਰਲ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅਭਿਸ਼ੇਕ ਚੋਪੜਾ ਨੇ ਆਪਣੇ ਦੂਜੇ ਘੋੜੇ ਨੋਆਹ ਨਾਲ ਤੀਜਾ ਸਥਾਨ ਵੀ ਹਾਸਲ ਕੀਤਾ। ਕੈਪਟਨ ਐੱਮ.ਐੱਸ. ਭਿੰਡਰ ਚੈਂਪੀਅਨ ਟਰਾਫ਼ੀ ਜੇਤੂ ਅਭਿਸ਼ੇਕ ਚੋਪੜਾ ਨੂੰ ਪ੍ਰਦਾਨ ਕੀਤੀ ਗਈ।

ਕੈਪਟਨ ਮਨਜਿੰਦਰ ਸਿੰਘ ਭਿੰਡਰ ਪੰਜਾਬ ਪਬਲਿਕ ਸਕੂਲ, ਨਾਭਾ ਦੇ ਸਾਬਕਾ ਵਿਦਿਆਰਥੀ ਸਨ ਅਤੇ ਘੋੜਸਵਾਰੀ ਦੇ ਖੇਤਰ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਥਾਨ ਸੀ। ਉਨ੍ਹਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੀਆਂ ਘੋੜਸਵਾਰੀ ਅਤੇ ਪੋਲੋ ਟੀਮਾਂ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਉਹ ਭਾਰਤੀ ਫ਼ੌਜ ਦੀ ਮਾਣਮੱਤੀ 61ਵੀਂ ਕੈਵਲਰੀ ਵਿੱਚ ਕਮਿਸ਼ਨਡ ਅਧਿਕਾਰੀ ਵਜੋਂ ਸ਼ਾਮਲ ਹੋਏ।

ਇੱਕ ਪ੍ਰਤਿਭਾਸ਼ਾਲੀ ਪੋਲੋ ਖਿਡਾਰੀ ਅਤੇ ਸ਼ੋਅ ਜੰਪਰ ਵਜੋਂ ਉਨ੍ਹਾਂ ਨੇ 1990 ਵਿੱਚ ਜੂਨੀਅਰ ਨੈਸ਼ਨਲ ਪੋਲੋ ਟੀਮ ਨੂੰ ਤਮਗਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮੈਸੂਰ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿੱਚ ਤਿੰਨ ਸੋਨੇ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਅਤੇ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਲਈ ਵੀ ਚੁਣੇ ਗਏ ਸਨ।

13 ਜੂਨ 1997 ਨੂੰ ਕੈਪਟਨ ਭਿੰਡਰ ਆਪਣੀ ਪਤਨੀ ਜੋਤ-ਰੂਪ ਕੌਰ ਅਤੇ ਚਾਰ ਸਾਲਾ ਪੁੱਤਰ ਨਾਲ ਦਿੱਲੀ ਦੇ ਉਪਹਾਰ ਸਿਨੇਮਾ ਵਿੱਚ ਫ਼ਿਲਮ ‘ਬਾਰਡਰ’ ਦੇਖ ਰਹੇ ਸਨ, ਜਦੋਂ ਉੱਥੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਉਨ੍ਹਾਂ ਨੇ ਸਿਨੇਮਾ ਹਾਲ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਧੂੰਏਂ ਨਾਲ ਭਰੇ ਹਾਲ ਵਿੱਚ ਵਾਰ-ਵਾਰ ਦਾਖ਼ਲ ਹੋ ਕੇ ਮਦਦ ਕੀਤੀ। 150 ਤੋਂ ਵੱਧ ਲੋਕਾਂ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਮਾਸੂਮ ਪੁੱਤਰ ਸਮੇਤ ਇਸ ਦੁਖਾਂਤ ਵਿੱਚ ਜਾਨ ਗੁਆ ਬੈਠੇ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 29 ਸਾਲ ਸੀ।

ਦੂਜੇ ਦਿਨ ਦੇ ਮੁਕਾਬਲਿਆਂ ਦੇ ਨਤੀਜੇ

ਮੇਲੇ ਦੇ ਦੂਜੇ ਦਿਨ ਵੱਖ-ਵੱਖ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਓਪਨ ਟਾਪ ਸਕੋਰ: ਅਭਿਸ਼ੇਕ ਚੋਪੜਾ ਨੇ ਗ੍ਰੇਅ ਗੂਜ਼ ਨਾਲ ਪਹਿਲਾ ਅਤੇ ਨੋਆਹ ਨਾਲ ਦੂਜਾ ਸਥਾਨ ਹਾਸਲ ਕੀਤਾ। ਗੁਰਤੇਰਾ ਸਿੰਘ ਨੇ ਮਸਤਾਨਾ ਨਾਲ ਤੀਜਾ ਅਤੇ ਅਭਿਸ਼ੇਕ ਚੋਪੜਾ ਨੇ ਬਾਰੋਲੋ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।

ਸ਼ੋਅ ਜੰਪਿੰਗ ਓਪਨ 90 ਸੈਂਟੀਮੀਟਰ: ਚੇਤੇ ਚੌਧਰੀ ਨੇ ਬਰਨਬੀ ਨਾਲ ਪਹਿਲਾ, ਜੋਤੀ ਨੇ ਫਰੈਂਕ ਹਾਈਟ ਨਾਲ ਦੂਜਾ ਅਤੇ ਰਾਜ ਕੁਮਾਰ ਨੇ ਚੈਂਪੀਅਨ ਨਾਲ ਤੀਜਾ ਸਥਾਨ ਹਾਸਲ ਕੀਤਾ। ਅਨਨਿਆ ਸ਼ਰਮਾ ਨੇ ਬਾਜ਼ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।

ਸ਼ੋਅ ਜੰਪਿੰਗ ਗਰੁੱਪ-1: ਡੈਨੀਆਲ ਮੰਗਹਾਨਾ ਨੇ ਬਰਨਬੀ ਨਾਲ ਪਹਿਲਾ, ਮਹਿਕਾ ਗਿੱਲ ਨੇ ਬੈਨੀ ਓਪਟੀਮਾ ਨਾਲ ਦੂਜਾ ਅਤੇ ਸਾਸਵੀਆ ਨੇ ਥੰਡਰ ਨਾਲ ਤੀਜਾ ਸਥਾਨ ਹਾਸਲ ਕੀਤਾ। ਦੀਆ ਸ਼ਰਮਾ ਨੇ ਜ਼ੁਲਾ ਡੈਲ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।

ਐਲੀਮੈਂਟਰੀ ਡ੍ਰੈਸਾਜ਼: ਜੋਤੀ ਨੇ ਫਰੈਂਕ ਹਾਈਟ ਨਾਲ ਪਹਿਲਾ, ਵਿਕਾਸ ਕੁਮਾਰ ਵੀ. ਨੇ ਮਿਸਟਰ ਮਾਈਟੀ ਨਾਲ ਦੂਜਾ ਅਤੇ ਰਵੇਸ਼ਵਰ ਸਿੰਘ ਰਾਣਾ ਨੇ ਮਹਾਰੁਦਰਾ ਨਾਲ ਤੀਜਾ ਸਥਾਨ ਹਾਸਲ ਕੀਤਾ।

ਨੋਵਿਸ ਡ੍ਰੈਸਾਜ਼: ਸਾਗਰ ਨੇ ਮਹਾਗੌਰੀ ਨਾਲ ਪਹਿਲਾ, ਜੋਤੀ ਨੇ ਫਰੈਂਕ ਹਾਈਟ ਨਾਲ ਦੂਜਾ ਅਤੇ ਯੰਗਬੀਰ ਸਿੰਘ ਨੇ ਬਾਦਲ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਫਾਲਟ ਐਂਡ ਆਊਟ ਡ੍ਰੈਸਾਜ਼: ਦਿਵਜੋਤ ਨੇ ਬਰਨਬੀ ਨਾਲ ਪਹਿਲਾ, ਐਲਿਜ਼ ਰਸ਼ੀਤ ਨੇ ਨੇਬਲ ਵੈਨ ਨਾਲ ਦੂਜਾ ਅਤੇ ਕਲਪ ਕਰਿਆਵਲ ਨੇ ਫਰੈਂਕ ਹਾਈਟ ਨਾਲ ਤੀਜਾ ਸਥਾਨ ਹਾਸਲ ਕੀਤਾ।

ਟੀਮ ਟੈਂਟ ਪੈਗਿੰਗ (ਟੀਮ/ਸਵੋਰਡ/ਇੰਡੀਅਨ ਫਾਈਲ): ਬਲੂ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਟੀਮ ਵਿੱਚ ਇੰਦਰਬੀਰ ਸਿੰਘ, ਜਸਵਿੰਦਰ, ਯੰਗਬੀਰ ਅਤੇ ਲਖਵਿੰਦਰ ਸ਼ਾਮਲ ਸਨ। ਰੈੱਡ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਿਸ ਵਿੱਚ ਮਨਜੀਤ, ਜਗਜੀਤ, ਜਤਿੰਦਰ ਅਤੇ ਕਰਨ ਸ਼ਾਮਲ ਸਨ। ਸਲੀਮ, ਰਮਨ, ਬਲਰਾਮ ਅਤੇ ਗੁਰਵਿੰਦਰ ਵਾਲੀ ਯੈੱਲੋ ਟੀਮ ਤੀਜੇ ਅਤੇ ਸ਼ੁਭਮ, ਸੁਖਪ੍ਰੀਤ, ਜਗਜੀਤ ਅਤੇ ਰਾਜ ਕੁਮਾਰ ਵਾਲੀ ਗਰੀਨ ਟੀਮ ਚੌਥੇ ਸਥਾਨ ’ਤੇ ਰਹੀ।

ਟੈਂਟ ਪੈਗਿੰਗ (ਲੈਮਨ ਐਂਡ ਪੈਗ): ਯੰਗ ਬੀਰ ਸਿੰਘ ਨੇ ਸ਼ੂਗਰ ਕੈਂਡੀ ਨਾਲ ਪਹਿਲਾ, ਇੰਦਰਬੀਰ ਸਿੰਘ ਨੇ ਪੰਨਾ ਨਾਲ ਦੂਜਾ ਅਤੇ ਜਤਿੰਦਰ ਸਿੰਘ ਨੇ ਲੈਜੈਂਡ ਓਡਰ ਨਾਲ ਤੀਜਾ ਸਥਾਨ ਹਾਸਲ ਕੀਤਾ। ਜਸਵਿੰਦਰ ਸਿੰਘ ਨੇ ਰੁਸਤਮ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।

ਸਿਕਸ ਬਾਰ ਸ਼ੋਅ ਜੰਪਿੰਗ: ਕੈਪਟਨ ਐੱਮ.ਐੱਸ. ਭਿੰਡਰ ਚੈਂਪੀਅਨ ਟਰਾਫ਼ੀ ਵਾਲੇ ਇਸ ਮੁਕਾਬਲੇ ਵਿੱਚ ਅਭਿਸ਼ੇਕ ਚੋਪੜਾ ਨੇ ਗ੍ਰੇਅ ਗੂਜ਼ ਨਾਲ 1.60 ਮੀਟਰ ਦੀ ਉਚਾਈ ਪਾਰ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਮੇਲੇ ਦਾ ਨਵਾਂ ਰਿਕਾਰਡ ਬਣਾਇਆ। ਪੁਨੀਤ ਜਾਖੜ ਨੇ ਡਾਲਰ ਗਰਲ ਨਾਲ ਦੂਜਾ ਅਤੇ ਅਭਿਸ਼ੇਕ ਚੋਪੜਾ ਨੇ ਨੋਆਹ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਮੇਲੇ ਦੇ ਸਲਾਹਕਾਰ ਦੀਪਇੰਦਰ ਸਿੰਘ ਬਰਾੜ ਅਤੇ ਹਰਜਿੰਦਰ ਸਿੰਘ ਖੋਸਾ ਸਮੇਤ ਹੋਰ ਪਤਵੰਤੇ ਅਤੇ ਘੋੜਸਵਾਰੀ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਹਾਜ਼ਰ ਸਨ।