ਪਟਿਆਲਾ, (ਮਨਪ੍ਰੀਤ ਸਿੰਘ):- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ, ਪਟਿਆਲਾ ਵੱਲੋਂ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ, ਦੁਖਨਿਵਾਰਨ ਸਾਹਿਬ ਦੇ ਸਾਹਮਣੇ, ਪਟਿਆਲਾ ਵਿਖੇ ਅੱਖਾਂ ਦੀ ਮਾਸਿਕ ਜਾਂਚ ਅਤੇ ਅਪਰੇਸ਼ਨ ਦਾ ਕੈਂਪ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਯਸ਼ਪਾਲ ਬੇਦੀ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀਨੀਅਰ ਆਕਰਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਹਰ ਮਹੀਨੇ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਦੀ ਟੀਮ ਵੱਲੋਂ ਅੱਖਾਂ ਦੀ ਸਰਜਨ ਡਾ. ਆਸ਼ਾ ਪ੍ਰਿਤਪਾਲ ਕੌਰ ਦੀ ਅਗਵਾਈ ਹੇਠ ਮਰੀਜ਼ਾਂ ਦੀ ਜਾਂਚ ਅਤੇ ਅਪਰੇਸ਼ਨ ਕੀਤੇ ਜਾਂਦੇ ਹਨ। ਕਲੱਬ ਵੱਲੋਂ ਹਰ ਮਹੀਨੇ ਲੋੜਵੰਦ ਮਰੀਜ਼ਾਂ ਦੇ ਲੈਂਜ਼ ਵਾਲੇ ਮੋਤੀਆਬਿੰਦ ਦੇ ਅਪਰੇਸ਼ਨ ਕੀਤੇ ਜਾਂਦੇ ਹਨ ਅਤੇ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਕਿਰਾਇਆ ਵੀ ਦਿੱਤਾ ਜਾਂਦਾ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਅਤੇ ਸੰਤੋਸ਼ ਲਾਲਵਾਨੀ ਨੇ ਕਿਹਾ ਕਿ ਬਸੰਤ ਰਿਤੂ ਕਲੱਬ ਵੱਲੋਂ ਆਯੋਜਿਤ ਮਾਸਿਕ ਕੈਂਪ ਦਾ ਲਾਭ ਲੈਣ ਲਈ ਦੂਜੇ ਰਾਜਾਂ ਤੋਂ ਵੀ ਲੋਕ ਆ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਤ੍ਰਿਪੜੀ ਬਾਜ਼ਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਇਸ ਕੈਂਪ ਵਿੱਚ ਵਿਨੋਦ ਕੁਮਾਰ ਸ਼ਰਮਾ ਵੱਲੋਂ 3,100 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ।
ਬਸੰਤ ਰਿਤੂ ਕਲੱਬ ਵੱਲੋਂ ਮਾਸਿਕ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਆਯੋਜਿਤ
