ਇੰਡੋ ਤਿੱਬਤੀਅਨ ਬਾਰਡਰ ਪੁਲਿਸ ਅਧਿਕਾਰੀਆਂ ਨੇ ਵੈਟਨਰੀ ਯੂਨੀਵਰਸਿਟੀ ਦਾ ਦੌਰਾ ਕੀਤਾ ਸਹੂਲਤਾਂ ਦੀ ਸ਼ਲਾਘਾ ਕੀਤੀ
ਲੁਧਿਆਣਾ, 26 ਅਗਸਤ, 2026:- ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਉਨ੍ਹਾਂ ਨੂੰ ਯੂਨੀਵਰਸਿਟੀ ਦੀਆਂ ਵੈਟਨਰੀ ਸਿਹਤ ਸੰਭਾਲ, ਪਸ਼ੂ ਪਾਲਣ ਉਤਪਾਦਨ, ਪਸਾਰ ਸਿੱਖਿਆ, ਡੇਅਰੀ ਪ੍ਰੋਸੈਸਿੰਗ, ਵਨ ਹੈਲਥ ਅਤੇ ਖੋਜ ਨਾਲ ਸਬੰਧਤ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ ।
ਇਸ ਦੌਰੇ ਦੌਰਾਨ, ਅਧਿਕਾਰੀਆਂ ਨੇ ਮਲਟੀ-ਸਪੈਸ਼ਲਿਟੀ ਵੈਟਨਰੀ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਟੀਚਿੰਗ ਵੈਟਨਰੀ ਕਲੀਨਿਕ ਕੰਪਲੈਕਸ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਵਿੱਚ ਉਪਲਬਧ ਕਲੀਨਿਕਲ ਨਿਰੀਖਣ ਅਤੇ ਇਲਾਜ ਸਹੂਲਤਾਂ ਬਾਰੇ ਜਾਣਿਆ । ਟੀਮ ਨੇ ਯੂਨੀਵਰਸਿਟੀ ਦੇ ਪਸ਼ੂਧਨ ਫਾਰਮ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵਿਗਿਆਨਕ ਪਸ਼ੂਧਨ ਉਤਪਾਦਨ, ਪ੍ਰਬੰਧਨ ਅਤੇ ਪ੍ਰਜਣਨ ਅਭਿਆਸਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਨ ਹੈਲਥ ਸੈਂਟਰ ਵਿਖੇ, ਅਧਿਕਾਰੀਆਂ ਨੂੰ ਯੂਨੀਵਰਸਿਟੀ ਦੇ ਪਸ਼ੂ, ਮਨੁੱਖੀ ਅਤੇ ਵਾਤਾਵਰਣ ਸਿਹਤ ਪ੍ਰਤੀ ਬਹੁ-ਅਨੁਸ਼ਾਸਨੀ ਪਹੁੰਚ ਤੋਂ ਜਾਣੂ ਕਰਵਾਇਆ ਗਿਆ। ਪ੍ਰਯੋਗਿਕ ਮਿਲਕ ਪਲਾਂਟ ਵਿਖੇ ਉਨ੍ਹਾਂ ਨੇ ਡੇਅਰੀ ਪ੍ਰੋਸੈਸਿੰਗ, ਗੁਣਵੱਤਾ ਭਰਪੂਰ ਦੁੱਧ ਉਤਪਾਦਾਂ ਅਤੇ ਸੰਬੰਧਿਤ ਖੋਜ ਗਤੀਵਿਧੀਆਂ ਬਾਰੇ ਗਿਆਨ ਹਾਸਿਲ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਅਜਿਹੇ ਦੌਰੇ ਯੂਨੀਵਰਸਿਟੀ ਦੀ ਮੁਹਾਰਤ ਅਤੇ ਸਹੂਲਤਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਵਧੀਆ ਉਪਰਾਲਾ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੰਸਥਾਗਤ ਸਬੰਧ ਵਿਗਿਆਨਕ ਗਿਆਨ ਦੇ ਵਿਆਪਕ ਪ੍ਰਸਾਰ ਵਿੱਚ ਮਦਦ ਕਰਦੇ ਹਨ ਅਤੇ ਕਿਸਾਨਾਂ, ਪਸ਼ੂਧਨ ਮਾਲਕਾਂ ਅਤੇ ਸਮਾਜ ਦੀ ਸੇਵਾ ਲਈ ਯੂਨੀਵਰਸਿਟੀ ਦੇ ਯਤਨਾਂ ਨੂੰ ਮਜ਼ਬੂਤ ਕਰਦੇ ਹਨ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਦੁਆਰਾ ਕਿਸਾਨਾਂ ਅਤੇ ਪਸ਼ੂਧਨ ਮਾਲਕਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਵੱਖ ਵੱਖ ਪਸਾਰ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਇਸ ਦੌਰੇ ਦਾ ਸੰਯੋਜਨ ਡਾ. ਰਵਦੀਪ ਸਿੰਘ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਵੱਲੋਂ ਵੱਲੋਂ ਕੀਤਾ ਗਿਆ। ਆਏ ਅਧਿਕਾਰੀਆਂ ਨੇ ਸੰਸਥਾ ਦੀਆਂ ਅਤਿ-ਆਧੁਨਿਕ ਸਹੂਲਤਾਂ ਅਤੇ ਬਹੁ-ਅਨੁਸ਼ਾਸਨੀ ਬੁਨਿਆਦੀ ਢਾਂਚੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਮਿਆਰੀ ਵੈਟਨਰੀ ਸੇਵਾਵਾਂ ਪ੍ਰਦਾਨ ਕਰਨ, ਵਿਗਿਆਨਕ ਪਸ਼ੂਧਨ ਉਤਪਾਦਨ ਨੂੰ ਉਤਸ਼ਾਹਿਤ ਕਰਨ, ਲੋੜ-ਅਧਾਰਤ ਖੋਜ ਕਰਨ ਅਤੇ ਕਿਸਾਨ ਭਾਈਚਾਰੇ ਨੂੰ ਬਿਹਤਰ ਤਕਨਾਲੋਜੀਆਂ ਬੜੇ ਲੋਕਾਂ ਨੂੰ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ।
