ਹਰਿਆਣਾ ਵਿੱਚ ਇਨਫਲੂਐਂਜ਼ਾ ਦੀ ਸਥਿਤੀ ਕੰਟਰੋਲ ਵਿੱਚ ਸਿਹਤ ਵਿਭਾਗ ਨੇ ਨਿਗਰਾਨੀ ਵਧਾਈ ਡਾ ਸੁਮਿਤਾ ਮਿਸ਼ਰਾ

ਚੰਡੀਗੜ੍ਹ, 26 ਅਗਸਤ:- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਰਾਜ ਵਿੱਚ ਮੌਸਮੀ ਇਨਫਲੂਐਂਜ਼ਾ (ਫਲੂ) ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਦੱਸਦਿਆਂ ਨਾਗਰਿਕਾਂ ਨੂੰ ਇਸ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਰਾਜ ਭਰ ਵਿੱਚ ਸਖ਼ਤ ਨਿਗਰਾਨੀ ਰੱਖ ਰਿਹਾ ਹੈ ਅਤੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਡਾ. ਮਿਸ਼ਰਾ ਨੇ ਲੋਕਾਂ ਨੂੰ ਆਮ ਮੌਸਮੀ ਫਲੂ ਅਤੇ 'ਸੁਆਇਨ ਫਲੂ' (H1N1) ਦੇ ਵਿਚਕਾਰ ਦਾ ਅੰਤਰ ਸਮਝਾਉਂਦਿਆਂ ਸਪੱਸ਼ਟ ਕੀਤਾ ਕਿ H1N1 ਹੁਣ ਮੌਸਮੀ ਇਨਫਲੂਐਂਜ਼ਾ ਦਾ ਹੀ ਇੱਕ ਹਿੱਸਾ ਹੈ, ਜਿਸ ਨੂੰ ਨਿਯਮਤ ਸਿਹਤ ਨਿਗਰਾਨੀ ਪ੍ਰਣਾਲੀ ਤਹਿਤ ਟਰੈਕ ਅਤੇ ਇਲਾਜ ਕੀਤਾ ਜਾਂਦਾ ਹੈ। ਸਾਲ 2009 ਦੌਰਾਨ ਇਸ ਵਾਇਰਸ ਦੇ ਮੂਲ ਸਰੋਤ ਕਾਰਨ ਇਸ ਨੂੰ 'ਸੁਆਇਨ ਫਲੂ' ਕਿਹਾ ਗਿਆ ਸੀ, ਪਰ ਹੁਣ ਇਹ ਇਨਸਾਨਾਂ ਵਿੱਚ ਫੈਲਣ ਵਾਲੇ ਆਮ ਵਾਇਰਸ ਦਾ ਹੀ ਰੂਪ ਲੈ ਚੁੱਕਾ ਹੈ, ਇਸ ਲਈ ਇਸ ਨਾਮ ਤੋਂ ਡਰਨ ਦੀ ਲੋੜ ਨਹੀਂ ਹੈ।
ਡਾ. ਸੁਮਿਤਾ ਮਿਸ਼ਰਾ ਨੇ ਇਨਫਲੂਐਂਜ਼ਾ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਹ ਨਾਲ ਜੁੜਿਆ ਇੱਕ ਤੀਬਰ ਇਨਫੈਕਸ਼ਨ ਹੈ, ਜਿਸ ਵਿੱਚ ਬੁਖ਼ਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ ਜਾਂ ਬੰਦ ਹੋਣਾ, ਸਰੀਰ ਅਤੇ ਸਿਰ ਵਿੱਚ ਦਰਦ, ਠੰਢ ਲੱਗਣਾ ਅਤੇ ਥਕਾਵਟ ਵਰਗੇ ਲੱਛਣ ਦਿਖਾਈ ਦਿੰਦੇ ਹਨ। ਕੁਝ ਮਾਮਲਿਆਂ ਵਿੱਚ, ਖ਼ਾਸ ਕਰਕੇ ਬੱਚਿਆਂ ਵਿੱਚ, ਉਲਟੀ ਅਤੇ ਦਸਤ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਭਾਵੇਂ ਬਹੁਤੇ ਮਾਮਲਿਆਂ ਵਿੱਚ ਇਹ ਇਨਫੈਕਸ਼ਨ ਆਪਣੇ ਆਪ ਠੀਕ ਹੋ ਜਾਂਦਾ ਹੈ, ਫਿਰ ਵੀ ਉੱਚ ਜੋਖ਼ਮ ਵਾਲੇ ਸਮੂਹਾਂ ਨੂੰ ਵਿਸ਼ੇਸ਼ ਚੌਕਸੀ ਵਰਤਣੀ ਚਾਹੀਦੀ ਹੈ।
ਉਨ੍ਹਾਂ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, 5 ਸਾਲ ਤੋਂ ਛੋਟੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਸਾਹ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਦਰਦ, ਬਹੁਤ ਜ਼ਿਆਦਾ ਕਮਜ਼ੋਰੀ ਜਾਂ ਹਾਲਤ ਵਿਗੜਨ 'ਤੇ ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ ਹੈ।
ਰੋਕਥਾਮ ਦੇ ਉਪਾਵਾਂ 'ਤੇ ਜ਼ੋਰ ਦਿੰਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਨਾਗਰਿਕ ਬੁਨਿਆਦੀ ਸਾਵਧਾਨੀਆਂ ਅਪਣਾ ਕੇ ਇਸ ਇਨਫੈਕਸ਼ਨ ਤੋਂ ਸੁਰੱਖਿਅਤ ਰਹਿ ਸਕਦੇ ਹਨ। ਉਨ੍ਹਾਂ ਭੀੜ-ਭੜੱਕੇ ਵਾਲੇ ਸਥਾਨਾਂ 'ਤੇ ਮਾਸਕ ਪਹਿਨਣ, ਸਾਬਣ ਅਤੇ ਪਾਣੀ ਜਾਂ ਸੈਨੀਟਾਈਜ਼ਰ ਨਾਲ ਵਾਰ-ਵਾਰ ਹੱਥ ਧੋਣ, ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚਣ तथा ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕਣ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ, ਜਨਤਕ ਸਥਾਨਾਂ 'ਤੇ ਥੁੱਕਣ ਤੋਂ ਪਰਹੇਜ਼ ਕਰਨ, ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਤੇ ਪੌਸ਼ਟਿਕ ਆਹਾਰ ਲੈਣ ਅਤੇ ਬੀਮਾਰ ਹੋਣ 'ਤੇ ਦੂਜਿਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਇਹ ਵੀ ਸਖ਼ਤ ਚੇਤਾਵਨੀ ਦਿੱਤੀ ਕਿ ਲੋਕ ਬਿਨਾਂ ਡਾਕਟਰੀ ਸਲਾਹ ਦੇ ਖ਼ੁਦ ਤੋਂ ਐਂਟੀਬਾਇਓਟਿਕ ਦਵਾਈਆਂ ਨਾ ਲੈਣ, ਕਿਉਂਕਿ ਵਾਇਰਲ ਇਨਫੈਕਸ਼ਨ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਲੋੜ ਨਹੀਂ ਹੁੰਦੀ ਹੈ। ਰਾਜ ਭਰ ਦੇ ਹਸਪਤਾਲਾਂ ਨੂੰ ਲੋੜੀਂਦੇ ਬਿਸਤਰਿਆਂ, ਦਵਾਈਆਂ ਅਤੇ ਜ਼ਰੂਰੀ ਉਪਕਰਣਾਂ ਦੇ ਪ੍ਰਬੰਧ ਨਾਲ ਚੌਕਸ ਰਹਿਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।