ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਵਿਖੇ ਮਨਾਇਆ ਗਿਆ ਐਂਟੀਰੈਗਿੰਗ ਹਫ਼ਤਾ
ਲੁਧਿਆਣਾ 24 ਅਗਸਤ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ, ਨੇ ਰੈਗਿੰਗ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਵਿਦਿਆਰਥੀਆਂ ਵਿੱਚ ਆਪਸੀ ਸਤਿਕਾਰ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਵਿਭਿੰਨ ਗਤੀਵਿਧੀਆਂ ਦੇ ਨਾਲ ਐਂਟੀ-ਰੈਗਿੰਗ ਹਫ਼ਤਾ-2026 ਮਨਾਇਆ।
ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਇੱਕ ਸਹੁੰ ਚੁੱਕ ਗਤੀਵਿਧੀ ਨਾਲ ਹੋਈ, ਜਿਨ੍ਹਾਂ ਨੇ ਰੈਗਿੰਗ-ਮੁਕਤ ਕੈਂਪਸ ਬਣਾਈ ਰੱਖਣ ਅਤੇ ਆਪਸੀ ਸਤਿਕਾਰ, ਮਾਣ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਪ੍ਰਣ ਲਿਆ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਸਿਫ਼ਾਰਸ਼ ਕੀਤਾ ਗਿਆ ਐਂਟੀ-ਰੈਗਿੰਗ ਜਾਗਰੂਕਤਾ ਵੀਡੀਓ ਵੀ ਦਿਖਾਇਆ ਗਿਆ।ਇਸ ਹਫ਼ਤੇ ਦੌਰਾਨ, ਉਤਸ਼ਾਹੀ ਭਾਗੀਦਾਰੀ ਨਾਲ ਇੱਕ ਪੋਸਟਰ ਬਣਾਉਣ ਦਾ ਮੁਕਾਬਲਾ ਅਤੇ ਸੈਲਫੀ ਸਟੈਂਡ ਗਤੀਵਿਧੀ ਦਾ ਆਯੋਜਨ ਕੀਤਾ ਗਿਆ।
ਮਾਨਸਿਕ ਤੰਦਰੁਸਤੀ ਅਤੇ ਤਣਾਅ ਪ੍ਰਬੰਧਨ `ਤੇ ਵਿਚਾਰ- ਵਟਾਂਦਰਾ ਸੈਸ਼ਨ ਸ਼੍ਰੀਮਤੀ ਮਨਜਿੰਦਰ ਕੌਰ ਆਹੂਜਾ, ਕਾਉਂਸਲਿੰਗ ਕੋਚ ਅਤੇ ਡਾ ਦਰਪਨ ਔਲਖ, ਕਲੀਨਿਕਲ ਮਨੋਵਿਗਿਆਨੀ ਦੁਆਰਾ ਕਰਵਾਏ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਤਣਾਅ ਦੇ ਸ਼ੁਰੂਆਤੀ ਸੰਕੇਤਾਂ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਦੱਸਿਆ । ਡਾ. ਅਮਨ ਅੰਮ੍ਰਿਤ ਚੀਮਾ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਲੁਧਿਆਣਾ ਨੇ ਰੈਗਿੰਗ ਦੀ ਗੰਭੀਰਤਾ ਅਤੇ ਇਸਦੇ ਸਖ਼ਤ ਕਾਨੂੰਨੀ ਅਤੇ ਅਨੁਸ਼ਾਸਨੀ ਨਤੀਜਿਆਂ `ਤੇ ਇੱਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ।
ਵਿਦਿਆਰਥੀਆਂ ਨੇ ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਮਾਨਸਿਕ ਤੰਦਰੁਸਤੀ, ਸਾਥੀਆਂ ਨਾਲ ਜ਼ਿੰਮੇਵਾਰ ਸਬੰਧਾਂ ਅਤੇ ਰੈਗਿੰਗ ਵਿਰੋਧੀ ਨਿਯਮਾਂ ਬਾਰੇ ਜਾਣਕਾਰੀ ਲਈ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਨੇ ਡਾ. ਗੋਪਿਕਾ ਤਲਵਾੜ, ਚੇਅਰਪਰਸਨ, ਐਂਟੀ-ਰੈਗਿੰਗ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਇੱਕ ਸਕਾਰਾਤਮਕ ਅਤੇ ਸਦਭਾਵਨਾਪੂਰਨ ਕੈਂਪਸ ਸੱਭਿਆਚਾਰ ਬਣਾਉਣ ਲਈ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕੀਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਆਪਸੀ ਸਤਿਕਾਰ, ਹਮਦਰਦੀ, ਮਾਣ ਅਤੇ ਸਹਿਯੋਗੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ `ਤੇ ਜ਼ੋਰ ਦਿੱਤਾ, ਜਿੱਥੇ ਵਿਦਿਆਰਥੀ ਸਵੈ-ਪ੍ਰਗਟਾਵੇ ਦੇ ਨਾਲ, ਲੋੜ ਪੈਣ `ਤੇ ਢੁੱਕਵੀਂ ਸਹਾਇਤਾ ਲੈਣ ਵਿੱਚ ਝਿਜਕ ਨਾ ਮਹਿਸੂਸ ਕਰੇ।
ਪ੍ਰੋਗਰਾਮ ਇਸ ਸੁਨੇਹੇ ਨਾਲ ਸੰਪੂਰਨ ਹੋਇਆ ਕਿ ਇੱਕ ਸਿਹਤਮੰਦ ਅਕਾਦਮਿਕ ਵਾਤਾਵਰਣ ਵਿੱਚ ਰੈਗਿੰਗ ਦੀ ਕੋਈ ਥਾਂ ਨਹੀਂ ਹੈ ਅਤੇ ਇੱਕ ਸੁਰੱਖਿਅਤ, ਸਕਾਰਾਤਮਕ ਅਤੇ ਸਦਭਾਵਨਾਪੂਰਨ ਕੈਂਪਸ ਬਣਾਉਣ ਲਈ ਆਪਸੀ ਸਤਿਕਾਰ, ਹਮਦਰਦੀ, ਜ਼ਿੰਮੇਵਾਰ ਵਿਹਾਰ ਅਤੇ ਇੱਕ ਦੂਜੇ ਲਈ ਸਹਿਯੋਗ ਜ਼ਰੂਰੀ ਹਨ।
