ਕਰਨਾਲ ਵਿੱਚ ਖੁੱਲ੍ਹਣਗੇ 3 ਨਵੇਂ ਸਬਹੈਲਥ ਸੈਂਟਰ

ਚੰਡੀਗੜ੍ਹ, 26 ਅਗਸਤ:- ਹਰਿਆਣਾ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਡਾਕਟਰੀ ਸੇਵਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਅਤੇ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰਨਾਲ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਨਵੇਂ ਸਬ-ਹੈਲਥ ਸੈਂਟਰ ਖੋਲ੍ਹਣ ਅਤੇ ਗੁਰੂਗ੍ਰਾਮ ਜ਼ਿਲ੍ਹੇ ਦੇ ਦੌਲਤਾਬਾਦ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਨੂੰ ਕਮਿਊਨਿਟੀ ਸਿਹਤ ਕੇਂਦਰ ਵਿੱਚ ਅੱਪਗ੍ਰੇਡ ਕਰਨ ਦੇ ਅਹਿਮ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਫ਼ੈਸਲੇ ਦੀ ਵਿਸਥਾਰ ਜਾਣਕਾਰੀ ਸਾਂਝੀ ਕਰਦਿਆਂ ਸੂਬੇ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਰਾਜ ਸਰਕਾਰ ਪੇਂਡੂ ਖੇਤਰਾਂ ਤੱਕ ਗੁਣਵੱਤਾਪੂਰਨ ਸਿਹਤ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਨੇ ਕਰਨਾਲ ਜ਼ਿਲ੍ਹੇ ਦੇ ਪਿੰਡ ਚਾਂਦ ਸਮੰਦ, ਖ਼ਿਰਾਜਪੁਰ ਅਤੇ ਨਲਵੀ ਕਲਾਂ ਵਿੱਚ ਇੱਕ-ਇੱਕ ਨਵਾਂ ਉਪ-ਸਿਹਤ ਕੇਂਦਰ ਸਥਾਪਤ ਕਰਨ ਦੀ ਸਿਧਾਂਤਿਕ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੇਂ ਕੇਂਦਰਾਂ ਦੇ ਖੁੱਲ੍ਹਣ ਨਾਲ ਸਥਾਨਕ ਗ੍ਰਾਮੀਣਾਂ ਨੂੰ ਆਪਣੇ ਘਰ ਦੇ ਨੇੜੇ ਹੀ ਮੁੱਢਲੀ ਸਹਾਇਤਾ ਅਤੇ ਬੁਨਿਆਦੀ ਸਿਹਤ ਜਾਂਚ ਦੀਆਂ ਸਹੂਲਤਾਂ ਆਸਾਨੀ ਨਾਲ ਮਿਲ ਸਕਣਗੀਆਂ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਸਿਹਤ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਦਿਆਂ ਸਰਕਾਰ ਨੇ ਗੁਰੂਗ੍ਰਾਮ ਜ਼ਿਲ੍ਹੇ ਦੇ ਪਿੰਡ ਦੌਲਤਾਬਾਦ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਨੂੰ ਕਮਿਊਨਿਟੀ ਸਿਹਤ ਕੇਂਦਰ ਵਿੱਚ ਅੱਪਗ੍ਰੇਡ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਦੌਲਤਾਬਾਦ ਪੀ.ਐਚ.ਸੀ. ਦੇ ਅੱਪਗ੍ਰੇਡ ਹੋਣ ਨਾਲ ਖੇਤਰ ਦੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਵਾਸੀਆਂ ਨੂੰ ਹੁਣ ਮਾਹਰ ਡਾਕਟਰਾਂ, ਆਧੁਨਿਕ ਜਾਂਚ ਸਹੂਲਤਾਂ, ਬਿਹਤਰ ਐਮਰਜੈਂਸੀ ਸੇਵਾਵਾਂ ਅਤੇ ਵੱਧ ਬਿਸਤਰਿਆਂ ਦੀ ਸਹੂਲਤ ਮਿਲ ਸਕੇਗੀ, ਜਿਸ ਨਾਲ ਉਨ੍ਹਾਂ ਨੂੰ ਵੱਡੀਆਂ ਬਿਮਾਰੀਆਂ ਦੇ ਮੁੱਢਲੇ ਇਲਾਜ ਲਈ ਸ਼ਹਿਰ ਦੇ ਦੂਰ-ਦੁਰਾਡੇ ਹਸਪਤਾਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਫ਼ੈਸਲਾ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਪ੍ਰਾਇਮਰੀ ਅਤੇ ਕਮਿਊਨਿਟੀ ਪੱਧਰ 'ਤੇ ਸਿਹਤ ਢਾਂਚੇ ਦੇ ਮਜ਼ਬੂਤ ਹੋਣ ਨਾਲ ਜ਼ਿਲ੍ਹਾ ਪੱਧਰੀ ਹਸਪਤਾਲਾਂ 'ਤੇ ਮਰੀਜ਼ਾਂ ਦਾ ਦਬਾਅ ਘੱਟ ਹੋਵੇਗਾ ਅਤੇ ਆਮ ਲੋਕਾਂ ਨੂੰ ਆਪਣੇ ਹੀ ਇਲਾਕੇ ਵਿੱਚ ਸਮੇਂ ਸਿਰ ਬਿਹਤਰ ਇਲਾਜ ਉਪਲਬਧ ਹੋ ਸਕੇਗਾ।