ਜੈਤੋ, 23 ਜੂਨ:- ਸਮਾਜ ਸੇਵਿਕਾ ਅਤੇ ਸਾਬਕਾ ਕੌਂਸਲਰ ਸੁਮਿਤਰਾ ਬਿੰਦਲ ਪਤਨੀ ਪ੍ਰੇਮ ਕੁਮਾਰ ਬਿੰਦਲ ਗਲੀ ਗੋਰਾ ਦਾਈ ਵਾਲੀ ਜੈਤੋ ਨੂੰ ਅੱਜ ਦਿਨ-ਦਿਹਾੜੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਲੁੱਟਣ ਦੀ ਸੂਚਨਾ ਮਿਲੀ ਹੈ। ਸਾਬਕਾ ਕੌਂਸਲਰ ਸੁਮਿਤਰਾ ਬਿੰਦਲ ਅਨੁਸਾਰ ਉਹ ਅੱਜ ਜੈਤੋ ਵਿੱਚ 'ਸ਼ਿੰਗਾਰ ਪੈਲੇਸ' ਦੀ ਦੁਕਾਨ ਦੇ ਕੋਲ ਇੱਕ ਰਿਕਸ਼ਾ ਲੈਣ ਦੀ ਉਡੀਕ ਕਰ ਰਹੀ ਸੀ ,ਅਚਾਨਕ ਇੱਕ ਨੌਜਵਾਨ ਉਸ ਕੋਲ ਆਇਆ ਅਤੇ ਪੁੱਛਿਆ ਕਿ ਉਹ ਇਥੇ ਕਿਉਂ ਖੜ੍ਹੀ ਹੈ। ਉਸਨੇ ਦੱਸਿਆ ਕਿ ਉਸ ਨੂੰ ਜੈਤੋ ਦੀ ਆਰ.ਵੀ. ਸ਼ਾਂਤੀ ਨਗਰ ਕਲੋਨੀ ਵਿੱਚ ਆਪਣੇ ਪੁੱਤਰ ਮੁਕੇਸ਼ ਕੁਮਾਰ ਬਿੰਦਲ ਦੇ ਘਰ ਜਾਣਾ ਹੈ ਅਤੇ ਉਹ ਰਿਕਸ਼ਾ ਦੀ ਉਡੀਕ ਕਰ ਰਹੀ ਹੈ।
ਅਣਪਛਾਤੇ ਨੌਜਵਾਨ ਨੇ ਉਸ ਕਿਹਾ ਕਿ ਉਹ ਉਨ੍ਹਾਂ ਦੇ ਪੁੱਤਰ ਦਾ ਕਰੀਬੀ ਦੋਸਤ ਹੈ ਅਤੇ ਉਸ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ।ਉਹ ਆਪਣੇ ਪੁਰਾਣੇ ਘਰ ਗਈ ਅਤੇ ਫਿਰ ਨੌਜਵਾਨ ਦੇ ਪਿੱਛੇ ਮੋਟਰਸਾਈਕਲ 'ਤੇ ਬੈਠ ਗਈ। ਇਹ ਨੌਜਵਾਨ ਆਰ.ਵੀ.ਸਾਂਤੀ ਨਗਰ ਕਾਲੋਨੀ ਵੱਲ ਜਾਣ ਦੀ ਬਜਾਏ ਕੋਟਕਪੂਰਾ ਰੋਡ ਵੱਲ ਜਾਣ ਲੱਗਾ, ਉਸਨੇ ਉਸਨੂੰ ਦੱਸਿਆ ਕਿ ਉਸਨੇ ਇੱਕ ਪਲਾਂਟ ਲਿਆ ਹੈ, ਮੈਂ ਚਾਹੁੰਦਾ ਹਾਂ ਕਿ ਇਹ ਪਲਾਂਟ ਤੁਸੀਂ ਦੇਖ ਲਵੋ ਅਤੇ ਮੈਨੂੰ ਆਪਣਾ ਆਸ਼ੀਰਵਾਦ ਦੇਣ ਤੋਂ ਬਾਅਦ ਤੁਹਾਡੇ ਘਰ ਚੱਲਦੇ ਹਾਂ।
ਇਹ ਨੌਜਵਾਨ ਉਸ ਨੂੰ ਇੱਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ, ਉਸ ਨੂੰ ਡਰਾ ਧਮਕਾ ਕੇ ਉਸ ਦੇ ਹੱਥਾਂ ਦੀਆਂ 2 ਸੋਨੇ ਦੀਆਂ ਚੂੜੀਆਂ, ਇੱਕ ਸੋਨੇ ਦੀ ਚੇਨ (ਡੋਰਾ), ਕੰਨਾਂ ਦੇ ਟੋਪਸ ਅਤੇ ਅੰਗੂਠੀ ਲੈ ਕੇ ਫ਼ਰਾਰ ਹੋ ਗਿਆ। ਸੋਨੇ ਦਾ ਕੁੱਲ ਵਜ਼ਨ ਲਗਭਗ 10 ਤੋਲੇ ਹੈ। ਸੁਮਿੱਤਰਾ ਬਿੰਦਲ ਦੇ ਪਰਿਵਾਰ ਨੇ ਘਟਨਾ ਬਾਰੇ ਜੈਤੋ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਹੈ। ਅਣਪਛਾਤੇ ਨੌਜਵਾਨ ਦੀ ਫੋਟੋ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਅਤੇ ਪੁਲਿਸ ਉਸਦੀ ਪਛਾਣ ਕਰਨ ਲਈ ਇਸ ਫੁਟੇਜ ਦੀ ਵਰਤੋਂ ਕਰੇਗੀ।
ਸਾਬਕਾ ਕੌਂਸਲਰ ਸੁਮਿਤਰਾ ਬਿੰਦਲ ਤੋਂ ਦਿਨਦਿਹਾੜੇ 10 ਤੋਲੇ ਸੋਨਾ ਲੁੱਟ ਕੇ ਨੌਜਵਾਨ ਫ਼ਰਾਰ
