ਅੰਬਾਲਾ, 9 ਜੂਨ- ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਵੱਲੋਂ ਨਰਸਾਂ ਦੀਆਂ ਧੀਆਂ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿੱਚ ਸੋਮਵਾਰ ਨੂੰ ਸੂਬੇ ਭਰ ਦੇ ਸਰਕਾਰੀ ਨਰਸਿੰਗ ਅਫ਼ਸਰ ਹੜਤਾਲ 'ਤੇ ਚਲੇ ਗਈਆਂ। ਸਟਾਫ ਨਰਸਾਂ ਨੇ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਕੈਂਪਸ ਵਿੱਚ ਸਵੇਰੇ 10 ਵਜੇ ਤੋਂ 12 ਵਜੇ ਤੱਕ ਦੋ ਘੰਟਿਆਂ ਲਈ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਹਰਿਆਣਾ ਨਰਸਿੰਗ ਫੈਡਰੇਸ਼ਨ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਭੇਜ ਕੇ ਚੇਅਰਪਰਸਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਸ਼ਹਿਰ ਵਿਚ ਧਰਨੇ ਬੈਠੀਆਂ ਨਰਸਾਂ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਸਿਵਲ ਹਸਪਤਾਲ ਵਿਚ ਇਕ ਡਾਕਟਰ ਵੱਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ਦੀ ਜਾਂਚ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ 7 ਜੂਨ ਨੂੰ ਹਸਪਤਾਲ ਗਈ ਸੀ। ਉੱਥੇ ਉਸ ਨੇ ਨਰਸਿੰਗ ਸਟਾਫ ਨਾਲ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ। ਉਸ ਨੇ ਏਥੋਂ ਤੱਕ ਕਿਹਾ ਕਿ ਜੇ ਤੁਹਾਡੀ ਲੜਕੀ ਨੂੰ ਕਿਸੇ ਨਾਲ ਇਕੱਲਿਆਂ 15 ਮਿੰਟ ਛੱਡ ਦਿੱਤਾ ਜਾਵੇ ਤਾਂ। ਇਸ ਤੋਂ ਨਰਸਿੰਗ ਸਟਾਫ ਭੜਕ ਪਿਆ।
ਨਰਸਾਂ ਦਾ ਕਹਿਣਾ ਹੈ ਕਿ ਜਿਸ ਡਾਕਟਰ ਤੇ ਪਹਿਲਾਂ ਹੀ ਇਹੋ ਜਿਹੀਆਂ ਕਰਤੂਤਾਂ ਦੇ ਦੋਸ਼ ਲੱਗੇ ਸਨ ਉਸ ਨੂੰ ਜਿਸ ਨੇ ਮੁੜ ਨਿਯੁਕਤੀ ਦਿੱਤੀ, ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੇਣੂ ਭਾਟੀਆ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਤਿੰਨ ਨਰਸਾਂ ਡਿਊਟੀ ਤੇ ਸਨ ਪਰ ਉਹ ਡਾਕਟਰ ਵੱਲੋਂ ਲੜਕੀ ਦੀ ਜਾਂਚ ਦੇ ਦੌਰਾਨ ਅੰਦਰ ਹਾਜਰ ਕਿਉਂ ਨਹੀਂ ਸਨ, ਇਸ ਤੋਂ ਪਤਾ ਲਗਦਾ ਹੈ ਕਿ ਨਰਸਾਂ ਵੀ ਡਾਕਟਰ ਨਾਲ ਰਲੀਆਂ ਹੋਈਆਂ ਹਨ। ਅਜਿਹਆਂ ਟਿਪਣੀਆਂ ਤੋਂ ਗੁੱਸੇ ਵਿਚ ਆ ਕੇ ਅੱਜ ਨਰਸਾਂ ਨੇ ਦੋ ਘੰਟੇ ਲਈ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਰੇਣੂ ਭਾਟੀਆ ਬੇਹੂਦਾ ਟਿਪਣੀਆਂ ਲਈ ਜਾਂ ਤਾਂ ਮੁਆਫ਼ੀ ਮੰਗੇ ਜਾਂ ਫਿਰ ਅਸਤੀਫ਼ਾ ਦੇਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰੇਣੂ ਭਾਟੀਆ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦੀ ਤਾਂ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਦਾ ਨੋਟਿਸ ਲਵੇ ਅਤੇ ਢੁਕਵੀਂ ਕਾਰਵਾਈ ਕਰੇ।
ਸਵੇਰੇ 10 ਵਜੇ ਤੋਂ, ਰਾਜ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਰਸਿੰਗ ਸਟਾਫ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੇਣੂ ਭਾਟੀਆ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਹੜਤਾਲ ਦਾ ਅਸਰ ਆਊਟਪੇਸ਼ੈਂਟ ਵਿਭਾਗ (OPD) 'ਤੇ ਵੀ ਪਿਆ ਜਿੱਥੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਧਿਆਨ ਯੋਗ ਹੈ ਕਿ 7 ਜੂਨ ਨੂੰ ਰੇਣੂ ਭਾਟੀਆ ਨੇ ਕੁਰੂਕਸ਼ੇਤਰ ਦੇ ਲੋਕ ਨਾਇਕ ਜੈਪ੍ਰਕਾਸ਼ ਸਿਵਲ ਹਸਪਤਾਲ ਵਿੱਚ ਪ੍ਰਿੰਸੀਪਲ ਮੈਡੀਕਲ ਅਫਸਰ ਡਾ. ਸਾਰਾਹ ਅਗਰਵਾਲ ਸਮੇਤ ਡਿਊਟੀ 'ਤੇ ਮੌਜੂਦ ਨਰਸਿੰਗ ਸਟਾਫ ਨੂੰ ਝਿੜਕਿਆ ਸੀ। ਉਹ 15 ਸਾਲ ਦੀ ਲੜਕੀ ਨਾਲ ਹੋਏ ਬਲਾਤਕਾਰ ਦੀ ਜਾਂਚ ਲਈ ਹਸਪਤਾਲ ਗਈ ਸੀ। ਇਸ ਦੌਰੇ ਦੌਰਾਨ ਉਸ ਨੇ ਨਰਸਿੰਗ ਅਫਸਰ ਨੂੰ ਪੁੱਛਿਆ, "ਕੀ ਤੁਹਾਡੀ ਵੀ ਇੱਕ ਧੀ ਹੈ? ਕੀ ਤੁਸੀਂ ਉਸ ਨੂੰ 15 ਮਿੰਟ ਲਈ ਕਿਸੇ ਨਾਲ ਕਮਰੇ ਵਿੱਚ ਛੱਡ ਦਿਓਗੇ? ਫਿਰ ਇਸ ਕੁੜੀ ਨੂੰ ਕਿਵੇਂ ਇਕੱਲਾ ਛੱਡ ਦਿੱਤਾ ਗਿਆ?" ਰੇਣੂ ਭਾਟੀਆ ਦੇ ਬਿਆਨ ਦੇ ਵਿਰੋਧ ਵਿੱਚ ਐਤਵਾਰ ਨੂੰ ਕੁਰੂਕਸ਼ੇਤਰ ਸਿਵਲ ਹਸਪਤਾਲ ਵਿੱਚ ਪਹਿਲਾਂ ਕੰਮ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਵਿਰੋਧ ਪ੍ਰਦਰਸ਼ਨ ਪੂਰੇ ਰਾਜ ਵਿੱਚ ਫੈਲ ਗਏ ਹਨ। ਹਰਿਆਣਾ ਨਰਸਿੰਗ ਐਸੋਸੀਏਸ਼ਨ ਨੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪ੍ਰਤੀਕਾਤਮਕ ਹੜਤਾਲ ਦਾ ਸੱਦਾ ਦਿੱਤਾ ਸੀ। ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਵਿਨੀਤਾ ਨੇ ਕਿਹਾ ਕਿ ਨਰਸਿੰਗ ਸਟਾਫ ਦੀ ਇੱਜ਼ਤ ਦਾ ਅਪਮਾਨ ਕੀਤਾ ਗਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਸਮਝਣਾ ਚਾਹੀਦਾ ਹੈ ਕਿ ਨਰਸਿੰਗ ਅਫਸਰ ਵੀ ਔਰਤਾਂ ਹਨ ਅਤੇ ਉਨ੍ਹਾਂ ਦੀ ਜਨਤਕ ਟਿੱਪਣੀ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਨਰਸਾਂ ਤੇ ਟਿਪਣੀ ਪਈ ਭਾਰੀ ਨਰਸਿੰਗ ਸਟਾਫ ਨੇ 2 ਘੰਟੇ ਦੀ ਹੜਤਾਲ ਕਰਕੇ ਮੰਗਿਆ ਰੇਣੂ ਭਾਟੀਆ ਦਾ ਅਸਤੀਫ਼ਾ
