ਲੁਧਿਆਣਾ 27 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਤਜਰਬਾ ਸਿੱਖਿਆ ਪ੍ਰਾਜੈਕਟ ਤਹਿਤ 45 ਲੱਖ ਰੁਪਏ ਦੀ ਵਿਤੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਰਾਸ਼ੀ ਨਾਲ ਯੂਨੀਵਰਸਿਟੀ ਦਾ ਵੈਟਨਰੀ ਪ੍ਰਸੂਤੀ ਵਿਭਾਗ ਕੁੱਤਿਆਂ ਵਿੱਚ ਮਸਨੂਈ ਗਰਭਦਾਨ ਪ੍ਰਾਜੈਕਟ ਤਹਿਤ ਖੋਜ ਅਤੇ ਵਿਹਾਰਕ ਕਾਰਜ ਕਰੇਗਾ। ਯੂਨੀਵਰਸਿਟੀ ਦੇ ਇਸ ਵਿਭਾਗ ਵਿੱਚ ਅਧਿਆਪਕਾਂ ਦੀ ਸਿਖਲਾਈ ਸੰਬੰਧੀ ਉਤਮਤਾ ਕੇਂਦਰ ਵੀ ਸਥਾਪਿਤ ਹੈ ਜੋ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪਸ਼ੂ ਪ੍ਰਜਣਨ ਵਿਸ਼ੇ ਸੰਬੰਧੀ ਪ੍ਰਦਾਨ ਕੀਤਾ ਗਿਆ ਸੀ।
ਡਾ. ਮਿਰਗੰਕ ਹੋਨਪਾਰਖੇ, ਵਿਭਾਗ ਮੁਖੀ ਅਤੇ ਇਸ ਪ੍ਰਾਜੈਕਟ ਟੀਮ ਦੇ ਆਗੂ ਨੇ ਦੱਸਿਆ ਕਿ ਸਾਨੂੰ ਪਾਲਤੂ ਕੁੱਤਿਆਂ ਦੇ ਮਾਲਕਾਂ ਅਤੇ ਇਸ ਖੇਤਰ ਦੇ ਪੇਸ਼ੇਵਰਾਂ ਨੇ ਵਿਭਿੰਨ ਮੌਕਿਆਂ ’ਤੇ ਇਹ ਮੰਗ ਰੱਖੀ ਸੀ ਕਿ ਕੁੱਤਿਆਂ ਵਿੱਚ ਬਿਹਤਰ ਨਸਲ ਲਈ ਮਸਨੂਈ ਗਰਭਦਾਨ ਦੀ ਬਹੁਤ ਲੋੜ ਹੈ। ਇਸ ਵਿਭਾਗ ਨੇ ਇਸ ਕਾਰਜ ਦੇ ਲਈ ਪਹਿਲਾਂ ਹੀ ਕਾਫੀ ਖੋਜ ਅਤੇ ਮਿਆਰੀਕਰਨ ਕੀਤਾ ਹੋਇਆ ਹੈ। ਇਹ ਵਿਤੀ ਰਾਸ਼ੀ ਯੂਨੀਵਰਸਿਟੀ ਵਿਖੇ ਕੁੱਤਿਆਂ ਦੇ ਵੀਰਜ ਦਾ ਉੱਚ ਦਰਜੇ ਦਾ ਬੈਂਕ ਬਨਾਉਣ ਸੰਬਧੀ ਕੰਮ ਆਵੇਗੀ ਜੋ ਕਿ ਮੁਲਕ ਵਿੱਚ ਇਸ ਕਿਸਮ ਦਾ ਪਹਿਲਾ ਬੈਂਕ ਹੋਵੇਗਾ। ਇਸ ਬੈਂਕ ਵਿੱਚ ਆਮ ਅਤੇ ਵਿਸ਼ੇਸ਼ ਹਰ ਕਿਸਮ ਦੇ ਕੁੱਤਿਆਂ ਦਾ ਵੀਰਜ ਪ੍ਰਜਣਨ ਮੰਤਵ ਵਾਸਤੇ ਰੱਖਿਆ ਜਾਵੇਗਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਗੱਲ ’ਤੇ ਜੋਰ ਦਿੱਤਾ ਕਿ ਪਸ਼ੂਧਨ ਅਤੇ ਪਾਲਤੂਆਂ ਦੇ ਮਾਲਕਾਂ ਦੀ ਸਹੂਲਤ ਹਿਤ ਵੱਧ ਤੋਂ ਵੱਧ ਸੇਵਾਵਾਂ ਵਿਕਸਿਤ ਕੀਤੀਆਂ ਜਾਣਗੀਆਂ। ਇਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵੀ ਵਾਧਾ ਹੋਵੇਗਾ।
ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਇਸ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਨੇ ਇਸ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਿਵੇਕਲੇ ਕਾਰਜ ਨਾਲ ਜਿਥੇ ਵਿਦਿਆਰਥੀ ਨਵੇਂ ਗਿਆਨ ਦੇ ਰੂ-ਬ-ਰੂ ਹੋਣਗੇ ਉਥੇ ਉਹ ਪਾਲਤੂ ਕੁੱਤਿਆਂ ਸੰਬੰਧੀ ਮਸਨੂਈ ਗਰਭਦਾਨ ਦੀ ਵਿਧੀ ਦਾ ਹੁਨਰ ਵੀ ਸਿਖ ਸਕਣਗੇ।
You May Also Like
RBU NSS Camp Concludes with Social Service and Health Awareness Activities
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੱਤ ਦਿਨਾਂ ਰੁਜ਼ਗਾਰ ਯੋਗਤਾ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਆਰੰਭ
ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਐਸ.ਜੇ.ਐਚ.ਆਈ.ਐਫ.ਐਮ. ਵਿਚਕਾਰ ਖੋਜ ਅਤੇ ਨੀਤੀ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਹੋਇਆ ਐਮ.ਓ.ਯੂ.