ਲੁਧਿਆਣਾ 05 ਮਾਰਚ 2026- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਦੋ ਹਫ਼ਤੇ ਦਾ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਇਸ ਸਿਖਲਾਈ ਕੋਰਸ ਵਿੱਚ ਨੌਜਵਾਨਾਂ ਦੇ ਨਾਲ ਨਾਲ ਵਿਦੇਸ਼ਾਂ ਤੋਂ ਵਾਪਸ ਆਏ ਨਾਗਰਿਕਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੇ ਗਹਿਰੀ ਰੁਚੀ ਵਿਖਾਈ। ਕੁਲ 55 ਸਿੱਖਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਇਕ ਔਰਤ ਅਤੇ ਤਿੰਨ ਵਿਦੇਸ਼ਾਂ ਤੋਂ ਪਰਤੇ ਨਾਗਰਿਕ ਸਨ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਪ੍ਰਭਾਵਸ਼ਾਲੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਪਸਾਰ ਸਿੱਖਿਆ ਵਿਭਾਗ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਵਿਗਿਆਨਕ ਗਿਆਨ, ਹੁਨਰ ਆਧਾਰਿਤ ਸਿਖਲਾਈ ਅਤੇ ਤਕਨੀਕੀ ਸਹਾਇਤਾ ਰਾਹੀਂ ਕਿਸਾਨਾਂ ਨੂੰ ਮਜ਼ਬੂਤ ਬਨਾਉਣ ਲਈ ਯੂਨੀਵਰਸਿਟੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੀ ਹੈ।
          ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ, ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਨਾਉਣ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਡੇਅਰੀ ਦੀ ਅਹਿਮ ਭੂਮਿਕਾ ’ਤੇ ਚਾਨਣਾ ਪਾਇਆ।
          ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਨੇ ਕਿਹਾ ਕਿ ਇਸ ਸਿਖਲਾਈ ਵਿੱਚ ਸਿਧਾਂਤਕ ਪਹਿਲੂਆਂ ਨੂੰ ਵਿਹਾਰਕ ਗਿਆਨ ਦੇ ਨਾਲ ਜੋੜਿਆ ਗਿਆ ਸੀ ਜਿਸ ਤਹਿਤ ਪਸ਼ੂਆਂ ਦੀ ਢੁੱਕਵੀਂ ਰਿਹਾਇਸ਼, ਸੰਤੁਲਿਤ ਖੁਰਾਕ, ਲੇਵੇ ਦੀ ਸੋਜ ਤੋਂ ਬਚਾਉ ਪ੍ਰਬੰਧ, ਟੀਕਾਕਰਨ, ਸਾਫ ਦੁੱਧ ਉਤਪਾਦਨ, ਪ੍ਰਜਣਨ ਪ੍ਰਬੰਧਨ, ਜੈਵਿਕ ਸੁਰੱਖਿਆ ਅਤੇ ਡੇਅਰੀ ਮੰਡੀਕਾਰੀ ਸ਼ਾਮਿਲ ਸੀ।
          ਸ਼੍ਰੀ ਬਿਸ਼ਪ ਪ੍ਰਤਾਪ ਸਿੰਘ, ਬੈਂਕ ਆਫ ਬੜੌਦਾ ਨੇ ਵਿਤੀ ਸਹਾਇਤਾ ਅਤੇ ਕਰਜ਼ਾ ਲੈਣ ਸੰਬੰਧੀ ਨੁਕਤੇ ਸਾਂਝੇ ਕੀਤੇ। ਸ਼੍ਰੀ ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਨੇ ਡੇਅਰੀ ਕਿਸਾਨਾਂ ਲਈ ਸਰਕਾਰੀ ਯੋਜਨਾਵਾਂ ਅਤੇ ਵਿਭਾਗੀ ਸਹਾਇਤਾ ਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
          ਡਾ. ਰਾਕੇਸ਼ ਕੁਮਾਰ ਸ਼ਰਮਾ, ਨਿਰਦੇਸ਼ਕ ਖੇਤੀ ਖੋਜ ਅਤੇ ਸਿਖਲਾਈ ਕੇਂਦਰ, ਤਲਵਾੜਾ ਨੇ ਆਪਣੇ ਸੰਬੋਧਨ ਦੌਰਾਨ ਪ੍ਰਤੀਭਾਗੀਆਂ ਨੂੰ ਵਿਗਿਆਨਕ ਡੇਅਰੀ ਅਭਿਆਸਾਂ ਅਤੇ ਉਦਮੀਪਨ ਪਹੁੰਚ ਨੂੰ ਅਪਨਾਉਣ ਲਈ ਪ੍ਰੇਰਿਆ। ਪ੍ਰੋਗਰਾਮ ਦਾ ਸੰਯੋਜਨ, ਡਾ. ਰਵਦੀਪ ਸਿੰਘ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਵੱਲੋਂ ਵਿਦਿਆਰਥੀ ਸੰਯੋਜਕ, ਡਾ. ਸੁਚਪ੍ਰੇਮ ਕੌਰ ਦੇ ਨਾਲ ਕੀਤਾ ਗਿਆ।