ਲੁਧਿਆਣਾ 22 ਮਈ 2026- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾਇਲਸਿਸ ਯੂਨਿਟ ਦੀ ਟੀਮ ਨੇ 9 ਸਾਲਾ ਲੈਬਰਾਡੋਰ ਕੁੱਤੇ ਦੀ ਭਾਰਤ ਦੀ ਪਹਿਲੀ ਸਫ਼ਲ ਆਨਲਾਈਨ ਹੀਮੋਡੀਆਫਿਲਟ੍ਰੇਸ਼ਨ * ਕਰਕੇ ਇਕ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ। ਇਹ ਪ੍ਰਾਪਤੀ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਤਜਰਬਾਤੀ ਸਿਖਲਾਈ ਪ੍ਰਾਜੈਕਟ ਦੇ ਤਹਿਤ ਹਾਸਿਲ ਕੀਤੀ ਗਈ ਹੈ।
ਇਹ ਕਾਰਜ ਡਾ. ਰਣਧੀਰ ਸਿੰਘ, ਇੰਚਾਰਜ ਡਾਇਲਸਿਸ ਯੂਨਿਟ ਵੱਲੋਂ ਡਾ. ਗੁਰਪ੍ਰੀਤ ਸਿੰਘ ਅਤੇ ਡਾ. ਰਾਜ ਸੁਖਬੀਰ ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਨਾਲ ਯੂਨੀਵਰਸਿਟੀ ਦਾ ਡਾਇਲਸਿਸ ਯੂਨਿਟ ਭਾਰਤ ਦਾ ਪਹਿਲਾ ਕੇਂਦਰ ਬਣ ਗਿਆ ਹੈ। ਜਿਸ ਨੇ ਇਸ ਤਕਨੀਕ ਨਾਲ ਸਫ਼ਲਤਾਪੂਰਵਕ ਡਾਇਲਸਿਸ ਕੀਤਾ ਹੈ।
ਡਾ. ਰਣਧੀਰ ਸਿੰਘ ਨੇ ਦੱਸਿਆ ਕਿ ਪਾਲਤੂ ਜਾਨਵਰਾਂ ’ਤੇ ਅਜਿਹੀ ਵਿਧੀ ਕਾਰਜਸ਼ੀਲ ਕਰਨ ਦੀਆਂ ਕੁਝ ਰਿਪੋਰਟਾਂ ਪਹਿਲਾਂ ਵੀ ਮੌਜੂਦ ਹਨ, ਜਿਸ ਵਿੱਚ ਫਲੂਇਡ (ਤਰਲ) ਬੈਗ ਵਰਤੇ ਗਏ ਸਨ ਪਰ ਇਹ ਪਹਿਲੀ ਵਾਰ ਹੈ ਜਦੋਂ ਮੁਲਕ ਵਿੱਚ ਡਾਇਲਸਿਸ ਮਸ਼ੀਨ ਰਾਹੀਂ ਖੁਦ ਫਲੂਇਡ (ਤਰਲ) ਤਿਆਰ ਕਰਕੇ ਇਹ ਪ੍ਰਕਿਰਿਆ ਸਫ਼ਲਤਾਪੂਰਵਕ ਕੀਤੀ ਗਈ।
ਇਸ ਵਿਧੀ ਰਾਹੀਂ ਖੂਨ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਕੱਢ ਕੇ ਉਸ ਦੀ ਸਫਾਈ ਕਰਕੇ ਮਰੀਜ਼ ਦੀ ਸਿਹਤ ਨੂੰ ਦਰੁਸਤ ਕੀਤਾ ਜਾਂਦਾ ਹੈ। ਇਸ ਵਿਧੀ ਨੂੰ ਸਫ਼ਲਤਾ ਨਾਲ ਕਰਨ ਵਾਸਤੇ ਢੁੱਕਵਾਂ ਤਕਨੀਕੀ ਢਾਂਚਾ, ਸਹੀ ਦੇਖਰੇਖ ਅਤੇ ਵਿਸ਼ੇਸ਼ ਕੌਸ਼ਲ ਦੀ ਲੋੜ ਰਹਿੰਦੀ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੀ ਪ੍ਰਤਿਬੱਧਤਾ ਹੋਰ ਸਪੱਸ਼ਟ ਹੁੰਦੀ ਹੈ ਅਤੇ ਅਸੀਂ ਜਾਨਵਰਾਂ ਦੇ ਇਲਾਜ ਲਈ ਹੋਰ ਸਮਰਪਣ ਭਾਵ ਨਾਲ ਕਾਰਜ ਕਰਾਂਗੇ।ਭਵਿੱਖ ਵਿੱਚ ਵੀ ਨਵੀਆਂ ਖੋਜਾਂ, ਤਕਨੀਕਾਂ ਅਤੇ ਵਿਧੀਆਂ ਰਾਹੀਂ ਪਸ਼ੂ ਇਲਾਜ ਲਈ ਸੁਚੱਜੇ ਯਤਨ ਜਾਰੀ ਰਹਿਣਗੇ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਡਾ. ਜਤਿੰਦਰ ਮੋਹਿੰਦਰੂ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਵੀ ਜ਼ਿਕਰਯੋਗ ਪ੍ਰਾਪਤੀ ਲਈ ਟੀਮ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਪਾਲਤੂ ਜਾਨਵਰਾਂ ਦੇ ਮਾਲਕਾਂ ਅਤੇ ਪਸ਼ੂ ਪਾਲਕਾਂ ਵਿੱਚ ਯੂਨੀਵਰਸਿਟੀ ਪ੍ਰਤੀ ਵਿਸ਼ਵਾਸ ਅਤੇ ਭਰੋਸੇਯੋਗਤਾ ਹੋਰ ਵੱਧਦੀ ਹੈ।
ਆਨਲਾਈਨ ਹੀਮੋਡੀਆਫਿਲਟ੍ਰੇਸ਼ਨ - ਗੁਰਦਿਆਂ ਦੇ ਕਾਰਜ ਨਾ ਕਰਨ ਮੌਕੇ ਇੱਕ ਉੱਨਤ ਡਾਇਲਸਿਸ ਇਲਾਜ ਹੈ। ਇਹ ਰਵਾਇਤੀ ਡਾਇਲਸਿਸ ਦੀ ਜਗ੍ਹਾ ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਸਾਫ਼ ਕਰਨ ਲਈ ਦੋ ਪ੍ਰਕਿਰਿਆਵਾਂ - ਪ੍ਰਸਾਰ ਅਤੇ ਸੰਚਾਲਨ - ਨੂੰ ਜੋੜਦਾ ਹੈ। ਇਸਨੂੰ "ਆਨਲਾਈਨ" ਕਿਹਾ ਜਾਂਦਾ ਹੈ ਕਿਉਂਕਿ ਮਸ਼ੀਨ ਪ੍ਰਕਿਰਿਆ ਦੌਰਾਨ ਅਸਲ-ਸਮੇਂ ਵਿੱਚ ਲਗਾਤਾਰ ਪੂਰਨ ਸ਼ੁੱਧ ਫਲਿਊਡ (ਤਰਲ) ਪੈਦਾ ਕਰਦੀ ਹੈ।
ਵੈਟਨਰੀ ਯੂਨੀਵਰਸਿਟੀ ਵੱਲੋਂ ਭਾਰਤ ਵਿੱਚ ਪਹਿਲੀ ਵਾਰ ਕੁੱਤੇ ਦਾ ਸਫ਼ਲ ਆਨਲਾਈਨ ਹੀਮੋਡੀਆਫਿਲਟ੍ਰੇਸ਼ਨ
