ਪਟਿਆਲਾ, 14 ਨਵੰਬਰ - ਕੋਤਵਾਲੀ ਥਾਣੇ ਅਧੀਨ ਗੋਪਾਲ ਕਲੋਨੀ ਦੇ ਆਸ਼ੂ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ ਹੈ ਕਿ ਉਸਨੇ ਮੁੱਦਈ ਦੀ ਲੜਕੀ ਨੂੰ ਵਰਗਲਾ-ਫੁਸਲਾ ਕੇ, ਵਿਆਹ ਦਾ ਝਾਂਸਾ ਦੇ ਕੇ ਕਿਧਰੇ ਭਜਾਅ ਕੇ ਲੈ ਗਿਆ ਹੈ। ਥਾਣਾ ਕੋਤਵਾਲੀ ਵਿਖੇ ਆਈ ਪੀ ਸੀ ਦੀ ਧਾਰਾ 363, 366ਅਧੀਨ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਘਨੌਰ : ਘਨੌਰ ਥਾਣੇ ਵਿਖੇ ਨਾਮਾਲੂਮ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਇੱਕ ਲੜਕੀ ਦੇ ਘਰੋਂ ਗਾਇਬ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁੱਦਈ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹ ਲੜਕੀ ਤੇ ਆਪਣੀ ਮਾਤਾ ਨੂੰ ਘਰ ਛੱਡ ਕੇ ਗਿਆ ਸੀ ਪਰ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਲੜਕੀ ਘਰ ਨਹੀਂ ਸੀ। ਮੁੱਦਈ ਨੂੰ ਸ਼ੱਕ ਹੈ ਕਿ ਨਾਮਾਲੂਮ ਵਿਅਕਤੀ ਲੜਕੀ ਨੂੰ ਵਰਗਲਾ-ਫੁਸਲਾ ਕੇ ਕਿਧਰੇ ਲੈ ਗਏ ਹਨ। ਘਨੌਰ ਥਾਣੇ ਦੇ ਪਿੰਡ ਰੁੜਕੀ ਦੇ ਰਣਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਣਪਛਾਤੇ ਮੋਟਰ ਸਾਈਕਲ (ਪੀ ਬੀ 39 6641) ਚਾਲਕ ਨੇ ਉਨ੍ਹਾਂ ਵਿੱਚ ਉਸ ਵੇਲੇ ਤੇਜ਼ ਰਫ਼ਤਾਰ ਮੋਟਰ ਸਾਈਕਲ ਮਾਰਿਆ ਜਦੋਂ ਉਹ ਪਿੰਡ ਮਾਜਰੀ ਫ਼ਕੀਰਾਂ ਕੋਲ ਜਾ ਰਹੇ ਸਨ। ਇਸ ਹਾਦਸੇ ਵਿੱਚ ਉਸਦਾ ਪਿਤਾ ਜ਼ਖ਼ਮੀਂ ਹੋ ਗਿਆ।
ਅਰਬਨ ਅਸਟੇਟ : ਅਰਬਨ ਅਸਟੇਟ ਥਾਣੇ 'ਚ ਤਿੰਨ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਤੇ ਦੋਸ਼ ਹੈ ਕਿ ਉਹ ਮੁੱਦਈ ਦੀ ਲੜਕੀ ਨੂੰ ਵਰਗਲਾ-ਫੁਸਲਾ ਕੇ ਕਿਧਰੇ ਲੈ ਗਏ ਹਨ। ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮਲੇਰਕੋਟਲਾ ਦੇ ਜਸਕਰਨ ਸਿੰਘ ਨੇ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਦਾ ਝਾਂਸਾ ਦਿੱਤਾ ਹੈ ਤੇ ਇਸ ਮਾਮਲੇ ਵਿੱਚ ਆਪਣੇ ਦੋ ਦੋਸਤਾਂ ਦੀ ਮੱਦਦ ਲਈ ਹੈ। ਮਨਦੀਪ ਕੁਮਾਰ ਤੇ ਨਰਿੰਦਰ ਸਿੰਘ ਦੇ ਨਾਂ ਦੋਸਤਾਂ ਵਜੋਂ ਦਰਜ ਕਰਵਾਏ ਗਏ ਹਨ। ਪੁਲਿਸ ਨੇ ਆਈ ਪੀ ਸੀ ਦੀਆਂ ਧਾਰਾਵਾਂ 346, 366 ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ੰਭੂ : ਸ਼ੰਭੂ ਥਾਣੇ ਵਿਖੇ ਪਿੰਡ ਬਪਰੌਰ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹੀਰਾ ਸਿੰਘ ਤੇ ਮਹਿੰਦਰ ਸਿੰਘ ਦੇ ਧੜਿਆਂ ਨੇ ਇੱਕ-ਦੂਜੇ ਵਿਰੁੱਧ ਕੁੱਟ ਮਾਰ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਦੋਵਾਂ ਧੜਿਆਂ ਦੇ 16 ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀਆਂ ਧਾਰਾਵਾਂ 323, 324, 343, 148, 149, 427 ਤੇ 506 ਅਧੀਨ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚ 3 ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ।
ਲੜਕੀਆਂ ਨੂੰ ਵਰਗਲਾ ਕੇ, ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਵੱਖ ਵੱਖ ਮਾਮਲੇ ਦਰਜ
