ਜ਼ੀਰਕਪੁਰ, 27 ਦਸੰਬਰ – ਬੀਤੀ ਰਾਤ ਜ਼ੀਰਕਪੁਰ ਵਿੱਚ ਕੁਝ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਉੱਤੇ ਕਾਤਿਲਾਨਾ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੀ ਰਾਤ ਜ਼ੀਰਕਪੁਰ ਪਟਿਆਲਾ ਰੋਡ ਤੇ ਅਲ ਮਸਤੀਨ ਢਾਬੇ ਦੇ ਨੇੜੇ 20 ਤੋਂ 25 ਸਾਲ ਦੇ ਨੌਜਵਾਨ ਉੱਤੇ ਦੋ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਨੌਜਵਾਨ ਦੇ ਸਿਰ ਤੇ ਸੱਟਾਂ ਲੱਗੀਆਂ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਜ਼ੀਰਕਪੁਰ ਪਟਿਆਲਾ ਚੌਕ ਵੱਲ ਭੱਜਿਆ।
ਚਸ਼ਮਦੀਦਾਂ ਅਨੁਸਾਰ, ਹਮਲਾਵਰਾਂ ਵਿੱਚੋਂ ਇੱਕ ਐਕਟਿਵ ਸਕੂਟਰ ਤੇ ਸਵਾਰ ਸੀ, ਜਦਕਿ ਦੂਜਾ ਹਮਲਾਵਰ ਉਸ ਦਾ ਪਿੱਛਾ ਕਰ ਰਿਹਾ ਸੀ। ਜ਼ੀਰਕਪੁਰ-ਪਟਿਆਲਾ ਚੌਕ ਦੇ ਵੜਕਣ ਵਾਲੇ ਟਰੈਫਿਕ ਕੰਟਰੋਲ ਬੀਟ ਬਾਕਸ ਤੋਂ ਪਹਿਲਾਂ ਹਮਲਾਵਰ ਨੇ ਨੌਜਵਾਨ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਜ਼ਖਮੀ ਨੌਜਵਾਨ ਦੀ ਪਛਾਣ ਅਕਾਸ਼ਦੀਪ ਸਿੰਘ ਵਾਸੀ ਗੁਰਦਾਸਪੁਰ (ਹਾਲ ਵਾਸੀ ਜ਼ੀਰਕਪੁਰ) ਵਜੋਂ ਹੋਈ ਹੈ।
ਚਸ਼ਮਦੀਦਾਂ ਅਨੁਸਾਰ, ਜ਼ਖਮੀ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਸੈਕਟਰ-32 ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ, ਜ਼ੀਰਕਪੁਰ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਜਾਰੀ ਹੈ। ਇਸ ਮਾਮਲੇ ਨਾਲ ਸਬੰਧਤ ਕਿਸੇ ਵੀ ਪੁਲੀਸ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਅਣਪਛਾਤਿਆਂ ਵੱਲੋਂ ਨੌਜਵਾਨ ਉੱਤੇ ਕਾਤਿਲਾਨਾ ਹਮਲਾ, ਹਸਪਤਾਲ ਵਿੱਚ ਇਲਾਜ ਦੌਰਾਨ ਮੌਤ
