ਨਵੀਂ ਦਿੱਲੀ:- ਨਵੀਂ ਦਿੱਲੀ ਨੇ ਗੈਂਗਸਟਰ ਦਾਊਦ ਇਬਰਾਹੀਮ ਦੀ ਅਗਵਾਈ ਵਾਲੀ ਡੀ-ਕੰਪਨੀ ਨੂੰ “ਭਾਰਤ-ਆਧਾਰਿਤ” ਅਪਰਾਧਿਕ ਗਿਰੋਹ ਦੱਸਣ ਸਬੰਧੀ ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਵਿਸ਼ੇਸ਼ ਰਿਪੋਰਟਰ ਦੀ ਟਿੱਪਣੀ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਭਾਰਤ ਨੇ ਰਿਪੋਰਟ ਵਿੱਚ ਸਪੱਸ਼ਟ ਗਲਤੀਆਂ ਵੱਲ ਇਸ਼ਾਰਾ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਅਯੋਗਤਾ ਵਿਸ਼ਵ ਸੰਸਥਾ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਰਘੂ ਪੁਰੀ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਤੀਜੀ ਕਮੇਟੀ ਵਿੱਚ ਅਤਿਵਾਦ ਦਾ ਮੁਕਾਬਲਾ ਕਰਦੇ ਹੋਏ ਮਨੁੱਖੀ ਅਧਿਕਾਰਾਂ ਅਤੇ ਮੌਲਿਕ ਆਜ਼ਾਦੀਆਂ ਦੇ ਪ੍ਰਚਾਰ ਤੇ ਸੁਰੱਖਿਆ ਬਾਰੇ ਵਿਸ਼ੇਸ਼ ਰਿਪੋਰਟਰ ਬੇਨ ਸੌਲ ਦੀ ਰਿਪੋਰਟ ਦਾ ਜਵਾਬ ਦਿੰਦਿਆਂ ਇਹ ਸਖ਼ਤ ਪ੍ਰਤੀਕਿਰਿਆ ਦਿੱਤੀ।

ਪੁਰੀ ਨੇ ਕਿਹਾ, “ਮੇਰਾ ਵਫ਼ਦ ਹੋਰ ਮੰਚਾਂ ’ਤੇ ਵੀ ਇਸ ਗੰਭੀਰ ਚਿੰਤਾ ਨੂੰ ਵਾਰ-ਵਾਰ ਉਠਾਉਂਦਾ ਰਿਹਾ ਹੈ ਕਿ ਵਿਸ਼ੇਸ਼ ਰਿਪੋਰਟਰ ਵੱਲੋਂ ਤੱਥਾਂ ਦੀਆਂ ਗਲਤੀਆਂ ਵਾਲੀਆਂ ਰਿਪੋਰਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਦਕਿ ਇਸ ਲਈ ਉਨ੍ਹਾਂ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾ ਰਿਹਾ।”

ਉਨ੍ਹਾਂ ਕਿਹਾ ਕਿ ਸੌਲ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ 2003 ਵਿੱਚ ਸੁਰੱਖਿਆ ਪਰਿਸ਼ਦ ਨੇ “ਭਾਰਤ-ਆਧਾਰਿਤ ਡੀ-ਕੰਪਨੀ” ਕਹੇ ਗਏ ਇੱਕ ਅਪਰਾਧਿਕ ਗਿਰੋਹ ਦੇ ਆਗੂ ਨੂੰ ਅਲ-ਕਾਇਦਾ ਨਾਲ ਸਬੰਧਾਂ ਕਾਰਨ ਸੂਚੀਬੱਧ ਕੀਤਾ ਸੀ। ਪੁਰੀ ਨੇ ਕਿਹਾ, “ਇਸ ਲਾਈਨ ਨੂੰ ਵੱਖਰੇ ਤੌਰ ’ਤੇ ਪੜ੍ਹਨ ਨਾਲ ਅਸਲ ਹਕੀਕਤ ਤੋਂ ਬਿਲਕੁਲ ਵੱਖਰੀ ਤਸਵੀਰ ਸਾਹਮਣੇ ਆਉਂਦੀ ਹੈ।”

ਡੀ-ਕੰਪਨੀ ਨੂੰ ਭਾਰਤ-ਆਧਾਰਿਤ ਦੱਸਣ ਦਾ ਸਖ਼ਤ ਖੰਡਨ ਕਰਦਿਆਂ ਪੁਰੀ ਨੇ ਕਿਹਾ ਕਿ ਇਹ ਅਪਰਾਧਿਕ ਸੰਗਠਨ ਅਤੇ ਇਸ ਦਾ ਸੂਚੀਬੱਧ ਆਗੂ ਦਾਊਦ ਇਬਰਾਹੀਮ 1993 ਤੋਂ ਅਤਿਵਾਦੀ ਹਮਲਿਆਂ ਦੇ ਸਬੰਧ ਵਿੱਚ ਭਾਰਤ ਵਿੱਚ ਲੋੜੀਂਦੇ ਹਨ।

1267 ਪਾਬੰਦੀਆਂ ਦੀ ਵਿਵਸਥਾ (ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਲ-ਕਾਇਦਾ ਪਾਬੰਦੀਆਂ ਪ੍ਰਣਾਲੀ) ਤਹਿਤ ਸੂਚੀਬੱਧ ਕਰਨ ਦੇ ਕਾਰਨਾਂ ਦੇ ਵੇਰਵੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, “ਸੂਚੀਬੱਧ ਕਰਨ ਦੇ ਕਾਰਨਾਂ ਦੇ ਵੇਰਵੇ ਵਿੱਚ ਇਹ ਗੱਲ ਸਪੱਸ਼ਟ ਤੌਰ ’ਤੇ ਲਿਖੀ ਹੋਈ ਹੈ।”

ਪੁਰੀ ਨੇ ਕਿਹਾ, “ਇਸ ਤੱਥ ਦਾ ਜ਼ਿਕਰ ਨਾ ਕਰਨਾ ਅਫਸੋਸਜਨਕ ਹੈ ਅਤੇ ਵਿਸ਼ੇਸ਼ ਮੈਂਡੇਟ ਧਾਰਕਾਂ ਵੱਲੋਂ ਅਜਿਹੀ ਅਯੋਗਤਾ ਇਸ ਸੰਸਥਾ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ।”

ਉਨ੍ਹਾਂ ਕਿਹਾ, “ਮੈਂ ਰਿਕਾਰਡ ਲਈ ਇਸ ਨੂੰ ਸਹੀ ਕਰਨਾ ਚਾਹੁੰਦਾ ਹਾਂ। ਇਹ ਵਿਅਕਤੀ 2003 ਵਿੱਚ ਸੂਚੀਬੱਧ ਕੀਤੇ ਜਾਣ ਤੋਂ ਬਹੁਤ ਪਹਿਲਾਂ ਭਾਰਤ ਤੋਂ ਫਰਾਰ ਹੋ ਗਿਆ ਸੀ ਅਤੇ ਸਾਡੇ ਦੇਸ਼ ਤੋਂ ਬਾਹਰ ਰਹਿਣ ਦੇ ਇਸੇ ਸਮੇਂ ਦੌਰਾਨ ਉਸ ਨੂੰ ਅਲ-ਕਾਇਦਾ ਅਤੇ ਓਸਾਮਾ ਬਿਨ ਲਾਦੇਨ ਨਾਲ ਸਬੰਧਾਂ ਕਾਰਨ ਸੂਚੀਬੱਧ ਕੀਤਾ ਗਿਆ ਸੀ।”

ਪਾਕਿਸਤਾਨ ਦਾ ਸਪੱਸ਼ਟ ਹਵਾਲਾ ਦਿੰਦਿਆਂ ਪੁਰੀ ਨੇ ਕਿਹਾ ਕਿ ਦਾਊਦ ਇਬਰਾਹੀਮ ਭਾਰਤ ਵਿੱਚ ਅਜੇ ਵੀ ਭਗੌੜਾ ਅਪਰਾਧੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਸੂਚੀ ਅਨੁਸਾਰ ਉਹ ਉਸੇ ਦੇਸ਼ ਵਿੱਚ ਰਹਿੰਦਾ ਹੈ, ਜਿੱਥੇ ਅਲ-ਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਪਤਾ ਲਗਾ ਕੇ ਉਸ ਨੂੰ ਮਾਰ ਦਿੱਤਾ ਗਿਆ ਸੀ। ਬਿਨ ਲਾਦੇਨ ਨੂੰ 2011 ਵਿੱਚ ਪਾਕਿਸਤਾਨੀ ਸ਼ਹਿਰ ਐਬਟਾਬਾਦ ਵਿੱਚ ਛਾਪੇਮਾਰੀ ਦੌਰਾਨ ਅਮਰੀਕੀ ਨੇਵੀ ਸੀਲਜ਼ ਵੱਲੋਂ ਮਾਰਿਆ ਗਿਆ ਸੀ।