ਮੋਹਾਲੀ:- ਟੈਕਨੀਕਲ ਸਰਵਿਸਜ਼ ਯੂਨੀਅਨ ਮੋਹਾਲੀ ਤੋਂ ਸਰਕਲ ਪ੍ਰਧਾਨ ਗੁਰਬਖਸ਼ ਸਿੰਘ, ਮੁੱਖ ਸਲਾਹਕਾਰ ਲੱਖਾ ਸਿੰਘ, ਕਾਨੂੰਨੀ ਸਲਾਹਕਾਰ ਜਤਿੰਦਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਪ੍ਰਧਾਨ ਵਿਜੇ ਕੁਮਾਰ, ਡਵੀਜ਼ਨ ਪ੍ਰਧਾਨ ਜ਼ੋਰਾਵਰ ਸਿੰਘ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਠਿੰਡਾ ਥਰਮਲ ਕਲੋਨੀ ਦੀ ਜਮੀਨ ਵੇਚਣ ਦੇ ਕੀਤੇ ਫੈਸਲੇ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। 
ਜਥੇਬੰਦੀਆਂ ਨੇ ਮਿਤੀ 12/12/2025 ਨੂੰ ਸਾਂਝੇ ਤੌਰ ਤੇ ਸਬ ਡਵੀਜ਼ਨ/ ਡਵੀਜ਼ਨ ਪੱਧਰ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਵਿਰੋਧ ਵਿੱਚ ਰੈਲੀਆਂ ਕਰਕੇ ਅਰਥੀਆਂ ਸਾੜਨ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਮਰਾਜੀ ਦਿਸ਼ਾਂ ਨਿਰਦੇਸ਼ਾਂ ਤਹਿਤ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਬਿਜਲੀ ਐਕਟ 2003 ਵਿੱਚ ਲਗਾਤਾਰ ਸੋਧਾਂ ਕਰਦਿਆਂ ਹੁਣ ਬਿਜਲੀ ਸੋਧ ਬਿੱਲ 2025 ਨੂੰ ਪਾਸ ਕਰਕੇ ਬਿਜਲੀ ਖੇਤਰ ਦਾ ਮੁਕੰਮਲ ਰੂਪ ਵਿੱਚ ਨਿੱਜੀਕਰਨ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ਇਸੇ ਨੀਤੀ ਤਹਿਤ ਹੀ ਕੀਤੇ ਜਾ ਰਹੇ ਹਨ।
ਕਿਸਾਨਾਂ ਵਿਰੋਧੀ ਕੇਂਦਰ ਵੱਲੋਂ ਲਿਆਂਦੇ ਗਏ ਸੀਡ ਬਿਲ 2025 ਨੂੰ ਰੱਦ ਕਰਾਉਣ ਲਈ ਅਤੇ ਕੀਰਤ ਕਾਨੂੰਨਾਂ ਨੂੰ ਬਹਾਲ ਕਰਵਾਉਣ ਲਈ ਬੁਲਾਰਿਆਂ ਨੇ ਜ਼ੋਰ ਦਿੱਤਾ। ਸਾਮਰਾਜੀ ਦਿਸ਼ਾ ਨਿਰਦੇਸਤ ਨੀਤੀਆਂ ਨੂੰ ਲਾਗੂ ਕਰਦਿਆਂ ਕੇਦਰ ਤੇ ਪੰਜਾਬ ਸਰਕਾਰ ਵੱਲੋਂ ਸੁਧਾਰਾਂ ਦੇ ਦੰਭੀ ਐਲਾਨ ਹੇਠ ਕਾਰਪੋਰੇਟ ਘਰਾਣਿਆਂ ਵੱਲੋਂ ਪਹਿਲਾਂ ਕੀਤੀ ਜਾਂਦੀ ਲੁੱਟ ਚ ਵਾਧਾ ਕਰਨ ਲਈ ਨਿੱਜੀਕਰਨ ਕੀਤਾ ਜਾ ਰਿਹਾ ਹੈ। ਲੋਕ ਵਿਰੋਧੀ ਨਿਜੀਕਰਨ ਦੀ ਨੀਤੀ ਲਾਗੂ ਕਰਨ ਲਈ ਸਾਰੀਆਂ ਹਾਕਮ ਜਮਾਤੀ ਪਾਰਲੀਮਾਨੀ ਪਾਰਟੀਆਂ ਇਕਮੱਤ ਹਨ।
 ਇਹਨਾਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਬਿਜਲੀ ਐਕਟ 2003 ਅਤੇ 2025 ਲਾਗੂ ਕਰਦਿਆਂ ਬਿਜਲੀ ਕਾਰਪੋਰੇਸ਼ਨ ਦੇ ਨਿਜੀਕਰਣ ਦਾ ਹੱਲ ਤੇਜ਼ ਕੀਤਾ ਹੋਇਆ ਹੈ। ਆਗੂਆਂ ਨੇ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਨੂੰ ਅਪੀਲ ਕੀਤੀ  ਕਿ ਨਿੱਜੀਕਰਣ ਦੇ ਇਸ ਤਬਾਹਕੁੰਨ ਹੱਲੇ ਵਿਰੁੱਧ ਵਿਸ਼ਾਲ, ਸਾਂਝੇ, ਲੰਬੇ ਅਤੇ ਤਿੱਖੇ ਸੰਘਰਸ਼ ਦੀਆਂ ਜ਼ੋਰਦਾਰ ਤਿਆਰੀਆਂ ਵਿੱਚ ਜੁਟਣ ਦੀ ਲੋੜ ਹੈ, ਕਿਉਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪਿਛਲੇ ਦਿਨਾਂ ਤੋਂ ਜਿਸ ਕਿਸਮ ਦੇ ਕਦਮ ਲੈ ਰਹੀ ਹੈ।
 ਉਨ੍ਹਾਂ ਦੋਹਾਂ ਤੋਂ ਸਪੱਸ਼ਟ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਜਲਦੀ ਹੀ ਬਿਜਲੀ ਕਾਰਪੋਰੇਸ਼ਨ ਦਾ ਭੋਗ ਪਾਉਣ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ।  ਉਨ੍ਹਾਂ ਕਿਹਾ ਕਿ ਨਿੱਜੀਕਰਣ ਦੀ ਲੋੜ ਵਜੋਂ ਲਏ ਜਾ ਰਹੇ ਇਹ ਕਦਮ ਬੜੇ ਸਾਜਸ਼ੀ ਅਤੇ ਧੋਖੇ ਭਰੇ ਢੰਗ ਤਰੀਕੇ ਨਾਲ ਲਏ ਜਾ ਰਹੇ ਹਨ।  ਜਿਸ ਨੂੰ ਅਸਫਲ ਬਣਾ ਕੇ  ਨਿਜੀਕਰਣ ਵਿਰੁੱਧ ਸੰਘਰਸ਼ ਨੂੰ ਸਫ਼ਲ ਬਣਾਉਣ ਦੀ ਲੋੜ ਹੈ। ਇਸ ਹਾਲਤ ਵਿੱਚ ਸਭ ਤੋਂ ਪਹਿਲੀ ਲੋੜ ਵੱਖ ਵੱਖ ਜਥੇਬੰਦੀਆਂ ਵਿੱਚ ਵੰਡੇ ਹੋਏ ਬਿਜਲੀ ਮੁਲਾਜ਼ਮਾਂ ਨੂੰ ਤੇ ਭਰਾਤਰੀ ਜਥੇਬੰਦੀਆਂ ਨੂੰ ਇੱਕ ਸਾਂਝੇ ਸੰਘਰਸ਼ ਦੇ ਪਲੇਟਫਾਰਮ ’ਤੇ ਇਕੱਠੇ ਕਰਨ ਦੀ ਅਹਿਮ ਲੋੜ ਹੈ। 
ਇਸ ਹਾਲਤ ਵਿੱਚ ਸਮੁੱਚੇ ਬਿਜਲੀ ਮੁਲਾਜ਼ਮਾਂ ਲਈ ਇਹੀ ਇੱਕੋ ਇੱਕ ਠੀਕ ਰਾਹ ਹੈ ਜਿਸ ’ਤੇ ਚੱਲ ਕੇ ਅਸੀਂ ਬਿਜਲੀ ਵਿਭਾਗ ਨੂੰ ਬਚਾਅ ਕੇ ਆਪਣੇ ਰੁਜ਼ਗਾਰ ਨੂੰ ਬਚਾਉਣ ਵਿੱਚ ਸਫਲ ਹੋ ਸਕਾਂਗੇ। ਆਗੂਆਂ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਨਿੱਜੀਕਰਨ ਦੀ ਨੀਤੀ ਤਹਿਤ ਬਠਿੰਡਾ ਥਰਮਲ ਕਲੌਨੀ ਦੀ ਜਮੀਨ ਵੇਚਣ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਜਿੱਥੇ ਵੀ ਸੰਭਵ ਹੋ ਸਕੇ ਸ਼ਮੂਲੀਅਤ ਕੀਤੀ ਜਾਵੇ। ਆਗੂਆਂ ਨੇ ਬਿਜਲੀ ਖੇਤਰ ਅੰਦਰ ਕੰਮ ਕਰਦੀਆਂ ਸਮੂਹ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਫੈਸਲੇ ਵਿਰੁੱਧ ਸਾਂਝੇ ਸੰਘਰਸ਼ਾਂ ਦੀ ਨੀਤੀ ਨੂੰ ਲਾਗੂ ਕਰਦਿਆਂ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਜਾਵੇ।
ਇਨ੍ਹਾਂ ਤੋਂ ਇਲਾਵਾ ਜਗਦੀਪ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਪਰਮਜੀਤ ਸਿੰਘ, ਐਸ.ਸੀ.ਓ. ਸੰਦੀਪ ਨਾਗਪਾਲ, ਸੋਹਣ ਸਿੰਘ, ਸਤਵੰਤ ਸਿੰਘ, ਸੁਰਿੰਦਰ ਮੱਲੀ, ਸੀ.ਐਚ.ਬੀ. ਠੇਕਾ ਕਾਮਿਆਂ ਦੀ ਜੱਥੇਬੰਦੀ ਆਗੂ ਏਕਮ ਸਿੱਧੂ ਅਤੇ ਸਰਕਲ ਸਕੱਤਰ ਵੱਲੋਂ ਸੰਬੋਧਨ ਕਰਦੇ ਹੋਏ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ।