ਪਟਿਆਲਾ, 1 ਨਵੰਬਰ : ਪਟਿਆਲਾ ਜੇਲ੍ਹ ਦੇ ਕੈਦੀਆਂ ਨੂੰ ਜੇਲ੍ਹ ਅੰਦਰ ਮੋਬਾਇਲ ਫੋਨ ਤੇ ਹੋਰ ਸਮਾਨ ਮੁਹਈਆ ਕਰਵਾਉਣ ਵਾਲੇ ਕਾਂਸਟੇਬਲ ਜਸਪਾਲ ਸਿੰਘ, ਜਿਸਨੂੰ ਪਿਛਲੇ ਐਤਵਾਰ ਗ੍ਰਿਫਤਾਰ ਕੀਤਾ ਗਿਆ ਸੀ, ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸਥਾਨਕ ਤ੍ਰਿਪੜੀ ਨਿਵਾਸੀ ਜਸਕੀਰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਸਤੋਂ ਜਸਪਾਲ ਸਿੰਘ ਨੇ ਮੋਬਾਇਲ ਫੋਨ ਖਰੀਦਿਆ ਸੀ। ਤ੍ਰਿਪੜੀ ਥਾਣੇ ਦੇ ਐਸ ਐਚ ਓ ਪੀ. ਐਸ. ਬਾਜਵਾ ਨੇ ਦੱਸਿਆ ਹੈ ਕਿ ਜਸਪਾਲ ਸਿੰਘ ਫਗਵਾੜੇ ਦਾ ਰਹਿਣ ਵਾਲਾ ਹੈ ਤੇ ਚਾਰ ਮਹੀਨੇ ਪਹਿਲਾਂ ਹੀ ਗਾਰਡ ਵਜੋਂ ਪਟਿਆਲਾ ਜੇਲ੍ਹ ਵਿੱਚ ਉਸਦੀ ਡਿਊਟੀ ਲੱਗੀ ਸੀ। ਜਸਕੀਰਤ ਸਿੰਘ ਤੋਂ ਕੀਤੀ ਗਈ ਪੁੱਛ-ਪੜਤਾਲ ਮਗਰੋਂ ਹੋਰਨਾਂ ਕਥਿਤ ਦੋਸ਼ੀਆਂ ਰਵਿੰਦਰ ਕਾਲੀ ਅਤੇ ਵਰਿੰਦਰ ਸਿੰਘ ਚਾਹਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਪਾਲ ਸਿੰਘ ਮੋਬਾਇਲਾਂ ਦੀ ਖਰੀਦਾਰੀ ਲਈ ਇਨ੍ਹਾਂ ਦੇ ਸੰਪਰਕ ਵਿੱਚ ਰਿਹਾ। ਪੀ ਐਸ ਬਾਜਵਾ ਨੇ ਹੋਰ ਦੱਸਿਆ ਕਿ ਕਰਨ ਨਾਮੀਂ ਇੱਕ ਹੋਰ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ ਹੈ ਜੋ ਜਾਅਲੀ ਬਿਲ ਬਣਾ ਕੇ ਦਿੰਦਾ ਸੀ। ਇਨ੍ਹਾਂ ਖ਼ਿਲਾਫ਼ ਆਈ ਪੀ ਸੀ ਦੀਆਂ ਧਾਰਾਵਾਂ 420 ਅਤੇ 120-ਬੀ ਅਧੀਨ ਮਾਮਲੇ ਦਰਜ ਕੀਤੇ ਗਏ ਹਨ।