ਲਾਲੜੂ, 4 ਸਤੰਬਰ:- ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਯੋਜਨਾ ਤਹਿਤ ਹਲਕਾ ਡੇਰਾਬੱਸੀ ਦੇ ਲਾਲੜੂ ਤੋਂ ਅੱਜ ਤਿੰਨ ਹੋਰ ਬੱਸਾਂ ਸੰਗਤਾਂ ਨੂੰ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤੀਆਂ ਗਈਆਂ। ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਦੇ ਵਾਰਡ ਨੰਬਰ 1 ਤੋਂ 127ਵੀਂ ਅਤੇ 128ਵੀਂ ਅਤੇ ਵਾਰਡ ਨੰਬਰ 9 ਤੋਂ 129ਵੀਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਸ਼ਰਧਾਲੂਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਤੀਰਥ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸੰਗਤਾਂ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਤੀਰਥ ਸਥਾਨਾਂ ਦੇ ਦਰਸ਼ਨ ਕਰਦੇ ਸਮੇਂ ਸਰਬੱਤ ਦੇ ਭਲੇ, ਪੰਜਾਬ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਨ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਯੋਜਨਾ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਲੋਕ-ਹਿਤੈਸ਼ੀ ਉਪਰਾਲਾ ਹੈ। ਇਸ ਯੋਜਨਾ ਰਾਹੀਂ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਦੀ ਇੱਛਾ ਰੱਖਣ ਵਾਲੀਆਂ ਸੰਗਤਾਂ ਨੂੰ ਸੁਵਿਧਾਜਨਕ ਢੰਗ ਨਾਲ ਤੀਰਥ ਦਰਸ਼ਨਾਂ ਦਾ ਮੌਕਾ ਮਿਲ ਰਿਹਾ ਹੈ।