ਪਟਿਆਲਾ, 9 ਦਸੰਬਰ: ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ 10 ਤੋਂ 12 ਦਸੰਬਰ ਤਕ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਾਨਫ਼ਰੰਸ ਦਾ ਵਿਸ਼ਾ ‘ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ’ ਰੱਖਿਆ ਗਿਆ ਹੈ। ਕਾਨਫ਼ਰੰਸ ਦੌਰਾਨ ਵੱਖ-ਵੱਖ ਖੇਤਰਾਂ ਤੋਂ ਵਿਦਵਾਨ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਰਹੇ ਹਨ। ਕਾਨਫ਼ਰੰਸ ਦਾ ਮੁੱਖ ਉਦੇਸ਼ ਦੇਸ਼—ਵਿਦੇਸ਼ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ—ਪ੍ਰਸਾਰ ਦੀ ਗੱਲ ਕਰਕੇ, ਸਾਡੀ ਪਰੰਪਰਾ ਵਿੱਚੋਂ ਸਾਡੇ ਵਰਤਮਾਨ ਦੇ ਹੱਲ ਲੱਭਣ ਦਾ ਯਤਨ ਹੋਵੇਗਾ ਅਤੇ ਭਵਿੱਖ ਦੀ ਨਿਸ਼ਾਨਦੇਹੀ ਕਰਨਾ ਹੋਵੇਗਾ।
ਕਾਨਫ਼ਰੰਸ ਸੰਚਾਲਕ ਡਾ. ਪਰਮਿੰਦਰਜੀਤ ਕੌਰ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਦੱਸਿਆ ਕਿ ਵਿਭਾਗ ਦੀ ਇਹ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਹੈ। ਇਸ ਕਾਨਫਰੰਸ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਧਰਮ ਅਧਿਐਨ ਵਿਭਾਗ, ਸ. ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਅਤੇ ਸੰਗੀਤ ਵਿਭਾਗ ਆਦਿ ਸਹਿ-ਸੰਜੋਯਕਾਂ ਵਜੋਂ ਸਹਿਯੋਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਪਕੁਲਪਤੀ ਕੇ.ਕੇ. ਯਾਦਵ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਕਾਨਫ਼ਰੰਸ ਦੇ ਉਦਾਘਟਨੀ ਸਮਾਰੋਹ ਵਿੱਚ ‘ਉਦਘਾਟਨੀ ਸ਼ਬਦ’ ਕਹਿਣ ਲਈ ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਰਹੇ ਹਨ। ਇਸ ਉਦਘਾਟਨੀ ਸਮਾਰੋਹ ਵਿੱਚ ‘ਸਵਾਗਤੀ ਸ਼ਬਦ’ ਪ੍ਰੋ. ਨਰਿੰਦਰ ਕੌਰ ਮੁਲਤਾਨੀ (ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ‘ਕਾਨਫਰੰਸ ਬਾਰੇ’ ਡਾ. ਬਲਵਿੰਦਰ ਕੌਰ ਸਿੱਧੂ (ਪ੍ਰੋਫ਼ੈਸਰ ਅਤੇ ਡੀਨ, ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ‘ਮੁੱਖ ਭਾਸ਼ਣ’ ਪ੍ਰੋ. ਰਾਜੇਸ਼ ਗਿੱਲ (ਪ੍ਰੋਫ਼ੈਸਰ, ਸਮਾਜ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ) ਦੇਣਗੇ। ਇਸ ਉਦਘਾਟਨੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਡਾ. ਰਵੇਲ ਸਿੰਘ (ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਸਾਹਿਤ ਅਕਾਦੇਮੀ, ਦਿੱਲੀ), ਪ੍ਰੋ. ਜਸਪਾਲ ਕੌਰ ਕਾਂਗ, (ਸਾਬਕਾ ਪ੍ਰੋਫ਼ੈਸਰ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਪ੍ਰੋ. ਰਾਘਵੇਂਦਰ ਪੀ. ਤਿਵਾਰੀ (ਉਪਕੁਲਪਤੀ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ), ਪ੍ਰੋ. ਮਨਜੀਤ ਬਾਂਸਲ (ਡੀਨ, ਸਲਾਹਕਾਰ ਅਤੇ ਉਦਯੋਗਿਕ ਸੰਬੰਧ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ), ਪ੍ਰੋ. ਐਸ.ਪੀ. ਸਿੰਘ (ਸਾਬਕਾ ਉਪਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਹੋਣਗੇ। ਇਸ ਕਾਨਫ਼ਰੰਸ ਦੀਆਂ ਛੇ ਬੈਠਕਾਂ— ਸਾਂਝੀ ਅਕਾਦਮਿਕ ਵਿਚਾਰ ਚਰਚਾ (ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਅਜੋਕੇ ਗਿਆਨ—ਵਿਗਿਆਨ ਅਤੇ ਤਕਨਾਲੋਜੀ ਦੇ ਸੰਦਰਭ ’ਚ), ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਸੰਦਰਭ ’ਚ, ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਸੰਦਰਭ ’ਚ, ਪੰਜਾਬੀ ਸੱਭਿਆਚਾਰ ਅਤੇ ਪਰਵਾਸੀ ਸੱਭਿਆਚਾਰ : ਮੀਡੀਆ ਅਤੇ ਕਲਾਵਾਂ ਦੇ ਸੰਦਰਭ ’ਚ, ਸਮਾਜ ਵਿਗਿਆਨ ਦੇ ਸੰਦਰਭ ’ਚ, ਗਿਆਨ—ਵਿਗਿਆਨ ਅਤੇ ਤਕਨਾਲੋਜੀ ਦੇ ਸੰਦਰਭ ’ਚ ਦਾ ਆਯੋਜਨ ਸੈਨੇਟ ਹਾਲ ਵਿਖੇ ਕੀਤਾ ਜਾਣਾ ਹੈ। ਕਾਨਫ਼ਰੰਸ ਦੇ ਪਹਿਲੇ ਅਤੇ ਦੂਜੇ ਦਿਨ ਸ਼ਾਮ ਨੂੰ ਦੋ ਸੱਭਿਆਚਾਰਕ ਸ਼ਾਮਾਂ ਦਾ ਆਯੋਜਨ ਕੀਤਾ ਜਾਣਾ ਹੈ ਜਿਸ ਵਿੱਚ ‘ਏਵਮ ਇੰਦਰਜੀਤ’ ਅਤੇ ‘ਬੋਲ ਮਿੱਟੀ ਦਿਆ ਬਾਵਿਆ’ ਦਾ ਕਲਾ ਭਵਨ ਵਿਖੇ ਮੰਚਨ ਕੀਤਾ ਜਾਣਾ ਹੈ। ਉਪਕੁਲਪਤੀ ਪ੍ਰੋ. ਕੇ.ਕੇ. ਯਾਦਵ ਦੀ ਪ੍ਰਧਾਨਗੀ ਹੇਠ 12 ਦਸੰਬਰ ਨੂੰ ਹੋ ਰਹੀ ਕਾਨਫ਼ਰੰਸ ਦੇ ਵਿਦਾਇਗੀ ਸਮਾਰੋਹ ਵਿੱਚ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਪੰਜਾਬ ਮੁੱਖ ਮਹਿਮਾਨ ਵਜੋਂ ਅਤੇ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਗੁਰਮੀਤ ਸਿੰਘ ਖੁੱਡੀਆਂ ਫੂਡ ਪ੍ਰੋਸੈਸਿੰਗ ਅਤੇ ਖੇਤੀਬਾੜੀ ਮੰਤਰੀ, ਪੰਜਾਬ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ।
ਪੰਜਾਬੀ ਯੂਨੀਵਰਸਿਟੀ 'ਚ ਤਿੰਨ ਰੋਜ਼ਾ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਅੱਜ ਤੋਂ
