ਬਠਿੰਡਾ:- ਸਤਿਕਾਰ ਮਹਿਲਾ ਕਲੱਬ ਆਦਰਸ਼ ਨਗਰ ਵੱਲੋਂ ਸਥਾਨਕ ਮਨੋਰੰਜਨ ਕਲੱਬ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਝਲਕੀਆਂ ਦੇਖਣ ਨੂੰ ਮਿਲੀਆਂ।
ਸਮਾਗਮ ਦੀ ਸਟੇਜ ਕਾਰਵਾਈ ਅਮਨਦੀਪ ਕੌਰ ਅਤੇ ਮਨਵਿੰਦਰ ਕੌਰ ਵੱਲੋਂ ਬਾਖੂਬੀ ਚਲਾਈ ਗਈ। ਇਸ ਮੌਕੇ ਲੰਬੀ ਹੇਕ ਵਾਲੇ ਪੰਜਾਬੀ ਗੀਤ, ਗਿੱਧਾ ਅਤੇ ਤੀਆਂ ਦੇ ਤਿਉਹਾਰ ਨਾਲ ਸਬੰਧਤ ਦਿਲਚਸਪ ਪ੍ਰਸ਼ਨੋਤਰੀ ਕਰਵਾਈ ਗਈ। ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਭਾਗੀਦਾਰਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਮਨਦੀਪ ਕੌਰ, ਰਾਜਵਿੰਦਰ ਕੌਰ,ਹਰਜੀਤ ਕੌਰ, ਮੰਜੂ, ਗੁਰਵੀਰ ਕੌਰ, ਬੱਬੂ ਆਦਿ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੌਰਾਨ ਪੰਜਾਬੀ ਲੋਕ-ਗੀਤਾਂ, ਗਿੱਧੇ ਅਤੇ ਸੱਭਿਆਚਾਰਕ ਰੰਗਾਂ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ।
ਅੰਤ ਵਿੱਚ ਕਲੱਬ ਦੀ ਪ੍ਰਧਾਨ ਕੁਮਾਰੀ ਪਰਵੀਨ ਸਟੇਟ ਐਵਾਰਡੀ ਨੇ ਸਮਾਗਮ ਵਿੱਚ ਸ਼ਾਮਲ ਹੋਈਆਂ ਸਾਰੀਆਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਅਮੀਰ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।
