ਨਵਾਂਸ਼ਹਿਰ, 11 ਸਤੰਬਰ 2026:- 10ਵੀਂ ਜਮਾਤ 'ਚ ਪੜ੍ਹਦੇ ਗਾਇਕ ਦਿਸ਼ਾਂਤ ਧੀਰ ਧੀਰ ਮਿਊਜ਼ਿਕ ਪ੍ਰੋਡਕਸ਼ਨ ਤੇ ਆਪਣਾ ਦੂਸਰਾ ਗੀਤ ਜ਼ਿੰਦਗੀ ਦਾ ਮੇਲਾ ਲੈ ਕੇ ਹਾਜ਼ਰ ਹੋਇਆ ਹੈ। ਵੀਡੀਓ ਨਿਰਦੇਸ਼ਕ ਗੁਰਬਖਸ਼ ਸਿੰਘ ਨੇ ਯੂਟਿਊਬ ਤੇ ਰਿਲੀਜ਼ ਕੀਤੇ ਇਸ ਗੀਤ ਬਾਰੇ ਦੱਸਿਆ ਕਿ ਜ਼ਿੰਦਗੀ ਇੱਕ ਅਜਿਹਾ ਮੇਲਾ ਹੈ, ਜਿਸ ਵਿਚ ਹਰ ਮਨੁੱਖ ਆਪਣਾ ਕਿਰਦਾਰ ਨਿਭਾਉਂਦਾ ਹੋਇਆ ਕੁਝ ਪਲਾਂ ਲਈ ਆਉਂਦਾ ਹੈ ਅਤੇ ਫਿਰ ਚੁੱਪਚਾਪ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਇਸ ਮੇਲੇ ਵਿਚ ਹਾਸੇ ਵੀ ਹਨ, ਹੰਝੂ ਵੀ, ਜਿੱਤ ਦੇ ਜਸ਼ਨ ਵੀ ਹਨ ਤੇ ਹਾਰ ਦੀਆਂ ਠੋਕਰਾਂ ਵੀ। ਕੋਈ ਦੌਲਤ ਦੇ ਪਿੱਛੇ ਦੌੜ ਰਿਹਾ ਹੈ ਤੇ ਕੋਈ ਸਕੂਨ ਦੀ ਭਾਲ ਵਿਚ ਹੈ। ਪਰ ਸਮੇਂ ਦੀ ਚਾਲ ਸਭ ਨੂੰ ਇੱਕੋ ਜਿਹਾ ਸਬਕ ਦਿੰਦੀ ਹੈ—ਕੁਝ ਵੀ ਸਦਾ ਲਈ ਨਹੀਂ। ਇਸ ਲਈ ਜ਼ਿੰਦਗੀ ਨੂੰ ਸ਼ਿਕਵਿਆਂ ਵਿਚ ਨਹੀਂ, ਸਗੋਂ ਪਿਆਰ, ਸਾਂਝ ਅਤੇ ਇਨਸਾਨੀਅਤ ਨਾਲ ਜੀਣਾ ਚਾਹੀਦਾ ਹੈ। ਅਸਲ ਕਾਮਯਾਬੀ ਵੱਡਾ ਨਾਮ ਕਮਾਉਣ ਵਿੱਚ ਨਹੀਂ, ਸਗੋਂ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਵਿਚ ਹੈ। ਜ਼ਿੰਦਗੀ ਦਾ ਇਹ ਮੇਲਾ ਛੋਟਾ ਹੈ; ਇਸਨੂੰ ਯਾਦਗਾਰ ਬਣਾਉਣਾ ਸਾਡੇ ਆਪਣੇ ਹੱਥ ਹੈ।
ਕਹਿੰਦੇ ਹਨ ਕਿ ਮਾਪਿਆਂ ਦੇ ਸੁਪਨੇ ਅਕਸਰ ਆਪਣੇ ਬੱਚਿਆਂ ਦੀ ਕਾਮਯਾਬੀ ਵਿਚ ਵੱਸਦੇ ਹਨ। ਇਸੇ ਜਜ਼ਬੇ ਦੀ ਮਿਸਾਲ ਗਾਇਕ ਦੇ ਪਿਤਾ ਵੱਲੋਂ ਯੂਨਾਨ (ਗਰੀਸ) ਦੀ ਧਰਤੀ 'ਤੇ ਕੀਤੀ ਜਾ ਰਹੀ ਹੱਡ-ਭੰਨਵੀਂ ਮਿਹਨਤ ਹੈ। ਆਪਣੇ ਪਰਿਵਾਰ ਤੋਂ ਦੂਰ ਰਹਿੰਦਿਆਂ ਉਹ ਦਿਨ-ਰਾਤ ਮਿਹਨਤ ਕਰ ਰਿਹਾ ਹੈ, ਤਾਂ ਜੋ ਆਪਣੇ ਬੱਚੇ ਦੇ ਗਾਇਕੀ ਦੇ ਸੁਪਨੇ ਨੂੰ ਉਡਾਣ ਮਿਲ ਸਕੇ। ਵਿਦੇਸ਼ ਦੀ ਧਰਤੀ 'ਤੇ ਪਸੀਨਾ ਵਹਾਉਂਦਾ ਇਹ ਪਿਤਾ ਦਰਅਸਲ ਆਪਣੇ ਪੁੱਤਰ ਦੇ ਭਵਿੱਖ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਉਸਦੀ ਸਿਰਤੋੜ ਮਿਹਨਤ, ਤਿਆਗ ਅਤੇ ਹੌਸਲਾ ਇਸ ਗੱਲ ਦਾ ਸਬੂਤ ਹੈ ਕਿ ਮਾਪਿਆਂ ਦੀਆਂ ਦੁਆਵਾਂ ਤੇ ਕੁਰਬਾਨੀਆਂ ਹੀ ਬੱਚਿਆਂ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਸਹਾਰਾ ਹੁੰਦੀਆਂ ਹਨ।
ਇਸ ਗੀਤ ਦਾ ਸੰਗੀਤ ਟੌਪ ਹਾਰਟਟੱਚ ਟੀਮ ਵਲੋਂ ਦਿੱਤਾ ਗਿਆ ਹੈ ਜਦਕਿ ਸਟੋਰੀ ਆਸ਼ੀਸ਼ ਮਠਾਰੂ ਵਲੋਂ ਤਿਆਰ ਕੀਤੀ ਗਈ ਹੈ। ਇਸ ਦੇ ਨਿਰਮਾਤਾ ਰਾਮਜੀ ਧੀਰ ਗਰੀਸ, ਡਾਇਰੈਕਟਰ ਗੁਰਬਖਸ਼ ਸਿੰਘ ਮਹੇ, ਗੀਤਕਾਰ ਰਾਮਜੀ ਧੀਰ, ਡੀ.ਓ.ਪੀ. ਜਪਨੀਤ ਮਹੇ ਤੇ ਜੇਮਸ ਅਤੇ ਵੀਡੀਓ ਐਡੀਟਿੰਗ 8ਵੀਂ 'ਚ ਪੜ੍ਹਦੇ ਵਿਦਿਆਰਥੀ ਜਪਨੀਤ ਮਹੇ ਵਲੋਂ ਕਰਕੇ ਗੀਤ ਨੂੰ ਫਿਲਮੀ ਟੱਚ ਦਿੱਤਾ ਗਿਆ ਹੈ, ਜਦਕਿ ਕਿਰਦਾਰ ਨਿਭਾਇਆ ਹੈ ਸਿਮਰਨ ਰਾਠੌਰ, ਮੋਹਿਤ ਮੈਡਸ, ਅਸ਼ੋਕ ਦੁੱਗਲ ਅਤੇ ਮਾਸ਼ਾ ਨਾਫ਼ਰੀ ਸਿੰਬਲ ਮਜਾਰਾ ਨੇ। ਪੋਸਟਰ ਮਹੇ ਆਰਟ ਨਵਾਂਸ਼ਹਿਰ ਵਲੋਂ ਤਿਆਰ ਕੀਤਾ ਗਿਆ ਹੈ।
ਦਿਸ਼ਾਂਤ ਦੇ ਉਸਤਾਦ ਬੂਟਾ ਕੋਹਿਨੂਰ ਨੇ ਆਖਿਆ ਕਿ ਇਸ ਗੀਤ ਤੋਂ ਉਨ੍ਹਾਂ ਨੂੰ ਕਾਫ਼ੀ ਆਸਾਂ ਅਤੇ ਉਮੀਦਾਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੇ.ਐਮ. 7 ਐਂਟਰਟੇਨਮੈਂਟ ਚੈਨਲ ਤੇ ਦਿਸ਼ਾਂਤ ਧੀਰ ਦੇ 5 ਧਾਰਮਿਕ ਗੀਤ ਰਲੀਜ਼ ਹੋ ਚੁੱਕੇ ਹਨ।