ਨਵਾਂਸ਼ਹਿਰ, 21 ਜੁਲਾਈ:- ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਵਿੱਚ ਵਾਧੂ ਫ਼ੀਸਾਂ ਦੇ ਮਾਮਲੇ ਨੂੰ ਲੈ ਕੇ ਸਕੂਲ ਅੰਦਰ ਚੱਲ ਰਹੀਆਂ ਸੁਵਿਧਾਵਾਂ ਬੰਦ ਹੋਣ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਉਸ ਵੇਲੇ ਚਿੰਤਾ ਦਾ ਮਾਹੌਲ ਬਣ ਗਿਆ, ਜਦੋਂ ਪ੍ਰਿੰਸੀਪਲ ਵੱਲੋਂ ਰੱਖੇ ਗਏ 11 ਅਧਿਆਪਕਾਂ ਅਤੇ 5 ਦੇਖ-ਰੇਖ ਕਰਮਚਾਰੀਆਂ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ। ਇਸ ਕਾਰਨ ਵਿਦਿਆਰਥੀਆਂ ਨੂੰ ਕਈ ਸੁਵਿਧਾਵਾਂ ਤੋਂ ਵਾਂਝੇ ਹੋ ਕੇ ਘਰ ਪਰਤਣਾ ਪਿਆ।
ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਵਿੱਚ ਪੰਜਾਬ ਸਰਕਾਰ ਦੇ 14 ਅਗਸਤ 2012 ਨੂੰ ਜਾਰੀ ਪੱਤਰ ਨੰਬਰ 83660 ਅਧੀਨ ਸਕੂਲ ਵਿਕਾਸ ਫੰਡ ਲਿਆ ਜਾਂਦਾ ਸੀ, ਜੋ ਸਿਰਫ਼ ਕੁਝ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਹੀ ਦਿੱਤਾ ਜਾਂਦਾ ਸੀ। ਇਸ ਫੰਡ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਅਧੀਨ ਵਾਧੂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਨ, ਜੋ ਹੁਣ ਪ੍ਰਭਾਵਿਤ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਸਕੂਲ ਵਿੱਚ ਇਸ ਸਮੇਂ ਪ੍ਰਾਇਮਰੀ ਵਿੰਗ ਤੋਂ ਲੈ ਕੇ 12ਵੀਂ ਜਮਾਤ ਤੱਕ ਕੁੱਲ 1,480 ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਵਿੱਚ 9ਵੀਂ ਦੇ 93, 10ਵੀਂ ਦੇ 129, 11ਵੀਂ ਦੇ 346 ਅਤੇ 12ਵੀਂ ਦੇ 279, ਕੁੱਲ 847 ਵਿਦਿਆਰਥੀ ਸੀਨੀਅਰ ਕਲਾਸਾਂ ਵਿੱਚ ਹਨ, ਜਿਨ੍ਹਾਂ ਤੋਂ ਪ੍ਰਤੀ ਵਿਦਿਆਰਥੀ 5,000 ਰੁਪਏ ਸਕੂਲ ਵਿਕਾਸ ਫੰਡ ਲਏ ਜਾਣ ਦਾ ਮਾਮਲਾ ਚਰਚਾ ਵਿੱਚ ਰਿਹਾ ਹੈ।
ਅੱਜ ਸਕੂਲ ਵਿੱਚ ਇਕੱਠੇ ਹੋਏ ਵੱਡੀ ਗਿਣਤੀ ਮਾਪਿਆਂ ਸਾਹਮਣੇ ਇਹ ਤੱਥ ਵੀ ਆਏ ਕਿ 847 ਵਿੱਚੋਂ ਕਰੀਬ 150 ਵਿਦਿਆਰਥੀਆਂ ਤੋਂ ਜਾਂ ਤਾਂ ਘੱਟ ਫ਼ੀਸ ਲਈ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਫ਼ੀਸ ਮੁਆਫ਼ ਕੀਤੀ ਗਈ ਹੈ। ਇਸ ਵਿੱਚ ਉਹ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਦੇ ਪਿਤਾ ਜਾਂ ਮਾਤਾ ਨਹੀਂ ਹਨ, ਮਾਪਿਆਂ ਦਾ ਤਲਾਕ ਹੋ ਚੁੱਕਾ ਹੈ, ਘਰ ਦੇ ਹੋਰ ਭੈਣ-ਭਰਾ ਵੀ ਇਸੇ ਸਕੂਲ ਵਿੱਚ ਪੜ੍ਹਦੇ ਹਨ ਜਾਂ ਪਰਿਵਾਰ ਵਿੱਚ ਕੋਈ ਗੰਭੀਰ ਬਿਮਾਰੀ ਹੈ।
ਦੂਜੇ ਪਾਸੇ, 697 ਵਿਦਿਆਰਥੀਆਂ ਤੋਂ ਲਈ ਜਾ ਰਹੀ 5,000 ਰੁਪਏ ਦੀ ਫ਼ੀਸ ਵਿੱਚੋਂ 3,000 ਰੁਪਏ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਾਂਦੇ ਹਨ, ਜਦਕਿ ਬਾਕੀ 2,000 ਰੁਪਏ ਸਾਲਾਨਾ (ਕਰੀਬ 180 ਰੁਪਏ ਪ੍ਰਤੀ ਮਹੀਨਾ) ਨਾਲ ਪ੍ਰਿੰਸੀਪਲ ਵੱਲੋਂ ਆਪਣੇ ਪੱਧਰ 'ਤੇ 11 ਅਧਿਆਪਕ ਅਤੇ 5 ਦੇਖ-ਰੇਖ ਕਰਮਚਾਰੀ ਰੱਖੇ ਗਏ ਸਨ। ਇਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਵਾਧੂ ਅਕਾਦਮਿਕ ਸਹਾਇਤਾ, ਸੀਸੀਟੀਵੀ ਨਿਗਰਾਨੀ, ਲਿਫ਼ਟ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ।
ਇਸ ਤੋਂ ਇਲਾਵਾ, 8ਵੀਂ ਜਮਾਤ ਵਿੱਚ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3,100 ਰੁਪਏ, 10ਵੀਂ ਦੇ ਮੈਰਿਟ ਹੋਲਡਰ ਨੂੰ 5,100 ਰੁਪਏ ਅਤੇ 12ਵੀਂ ਦੇ ਮੈਰਿਟ ਵਿਦਿਆਰਥੀ ਨੂੰ 11,000 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਜਾਂਦਾ ਸੀ। ਪਿਛਲੇ ਸਾਲ 10ਵੀਂ ਵਿੱਚ ਮੈਰਿਟ ਹਾਸਲ ਕਰਨ ਵਾਲੀ ਵਿਦਿਆਰਥਣ ਜਸਨੀਤ ਕੌਰ ਨੂੰ ਹਵਾਈ ਜਹਾਜ਼ ਰਾਹੀਂ ਮੁਫ਼ਤ ਬੈਂਗਲੁਰੂ ਦਾ ਸਿੱਖਿਆਕ ਦੌਰਾ ਵੀ ਕਰਵਾਇਆ ਗਿਆ ਸੀ।
ਮਾਪਿਆਂ ਅਨੁਸਾਰ, 697 ਵਿੱਚੋਂ 143 ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕੁਝ ਦਿਨ ਪਹਿਲਾਂ ਵਿਰੋਧ ਕੀਤੇ ਜਾਣ ਤੋਂ ਬਾਅਦ ਪ੍ਰਿੰਸੀਪਲ ਨੇ 11 ਅਧਿਆਪਕਾਂ ਅਤੇ 5 ਦੇਖ-ਰੇਖ ਕਰਮਚਾਰੀਆਂ ਨੂੰ ਹਟਾ ਦਿੱਤਾ ਅਤੇ 143 ਵਿਦਿਆਰਥੀਆਂ ਦੀ ਵਾਧੂ ਫ਼ੀਸ ਵਾਪਸ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ, ਹੋਰ ਜ਼ਿਲ੍ਹਿਆਂ ਵਿੱਚੋਂ ਆਏ 9 ਅਧਿਆਪਕਾਂ ਦੇ ਪੰਜਾਬ ਸਰਕਾਰ ਵੱਲੋਂ ਤਬਾਦਲੇ ਵੀ ਕਰ ਦਿੱਤੇ ਗਏ, ਜਦਕਿ ਉਨ੍ਹਾਂ ਦੀ ਥਾਂ 'ਤੇ ਅਜੇ ਤੱਕ ਨਵੇਂ ਅਧਿਆਪਕ ਤਾਇਨਾਤ ਨਹੀਂ ਕੀਤੇ ਗਏ।
ਮਾਪਿਆਂ ਨੇ ਦੱਸਿਆ ਕਿ ਸਕੂਲ ਵਿੱਚ ਮਨਜ਼ੂਰਸ਼ੁਦਾ 81 ਅਸਾਮੀਆਂ ਵਿੱਚੋਂ 34 ਅਸਾਮੀਆਂ ਖਾਲੀ ਹੋ ਚੁੱਕੀਆਂ ਹਨ, ਜਿਸ ਨਾਲ ਸਿੱਖਿਆ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਵੋਕੇਸ਼ਨਲ ਵਿਭਾਗ ਦੀਆਂ 9 ਵਿੱਚੋਂ ਸਿਰਫ਼ 1 ਅਸਾਮੀ ਭਰੀ ਹੋਈ ਹੈ, ਜਦਕਿ 8 ਖਾਲੀ ਹਨ। ਲੈਕਚਰਾਰ ਕਾਡਰ ਵਿੱਚ ਭੌਤਿਕ ਵਿਗਿਆਨ ਦੀ 1, ਅੰਗਰੇਜ਼ੀ ਦੀਆਂ 3, ਪੰਜਾਬੀ ਦੀ 1, ਹਿੰਦੀ ਦੀਆਂ 2, ਇਤਿਹਾਸ ਦੀਆਂ 2, ਅਰਥ ਸ਼ਾਸਤਰ ਦੀ 1 ਅਤੇ ਕਾਮਰਸ ਦੀਆਂ 2 ਅਸਾਮੀਆਂ ਖਾਲੀ ਹਨ। ਮਾਸਟਰ ਕਾਡਰ ਵਿੱਚ ਗਣਿਤ ਦੀਆਂ 3, ਪੰਜਾਬੀ ਦੀਆਂ 2, ਐੱਸ.ਐੱਸ.ਟੀ. ਦੀਆਂ 3, ਆਰਟ ਐਂਡ ਕਰਾਫਟ ਦੀ 1 ਅਤੇ ਡੀ.ਪੀ.ਈ. ਦੀਆਂ 2 ਅਸਾਮੀਆਂ ਖਾਲੀ ਹਨ। ਪਹਿਲਾਂ ਤੋਂ 31 ਅਤੇ ਅੱਜ 3 ਹੋਰ ਅਸਾਮੀਆਂ ਖਾਲੀ ਹੋਣ ਨਾਲ ਕੁੱਲ 34 ਅਸਾਮੀਆਂ ਖਾਲੀ ਹਨ, ਜਿਸ ਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸੁਵਿਧਾਵਾਂ 'ਤੇ ਪੈ ਰਿਹਾ ਹੈ।
ਅੱਜ ਸਕੂਲ ਵਿੱਚ ਇਕੱਠੇ ਹੋਏ 554 ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਮਹੀਨਾ 180 ਰੁਪਏ ਦੇ ਹਿਸਾਬ ਨਾਲ ਸਾਲਾਨਾ 2,000 ਰੁਪਏ ਸਕੂਲ ਵਿਕਾਸ ਫੰਡ ਦੇਣ 'ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਨਿੱਜੀ ਸਕੂਲਾਂ ਵਿੱਚ 5-5 ਹਜ਼ਾਰ ਰੁਪਏ ਪ੍ਰਤੀ ਮਹੀਨਾ ਫ਼ੀਸ ਦੇਣੀ ਪੈਂਦੀ ਹੈ, ਉੱਥੇ ਉਹ ਸਕੂਲ ਆਫ਼ ਐਮੀਨੈਂਸ ਨੂੰ ਹੋਰ ਵੀ ਵਿਕਾਸ ਫੰਡ ਦੇਣ ਲਈ ਤਿਆਰ ਹਨ, ਜੇਕਰ ਇਸ ਨਾਲ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਸੁਵਿਧਾਵਾਂ ਮਿਲਦੀਆਂ ਰਹਿਣ।
ਮਾਪਿਆਂ ਨੇ ਸਕੂਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹਟਾਏ ਗਏ ਅਧਿਆਪਕਾਂ ਅਤੇ ਦੇਖ-ਰੇਖ ਕਰਮਚਾਰੀਆਂ ਨੂੰ ਮੁੜ ਨਿਯੁਕਤ ਕੀਤਾ ਜਾਵੇ, ਕਿਉਂਕਿ ਸੀਸੀਟੀਵੀ ਵਰਗੀਆਂ ਸਹੂਲਤਾਂ ਵਿਦਿਆਰਥਣਾਂ ਦੀ ਸੁਰੱਖਿਆ ਨਾਲ ਵੀ ਜੁੜੀਆਂ ਹੋਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਤਬਾਦਲਾ ਕੀਤੇ ਗਏ ਅਧਿਆਪਕਾਂ ਦੀ ਥਾਂ 'ਤੇ ਜਲਦੀ ਨਵੀਆਂ ਨਿਯੁਕਤੀਆਂ ਕੀਤੀਆਂ ਜਾਣ, ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਨਾ ਹੋਵੇ।
ਸਕੂਲ ਵੱਲੋਂ ਲਈਆਂ ਵਾਧੂ ਫ਼ੀਸਾਂ ਦਾ ਖੁੱਲ੍ਹਿਆ ਪਿਟਾਰਾ 697 ਬੱਚਿਆਂ ਦੇ ਮਾਪੇ 180 ਰੁਪਏ ਪ੍ਰਤੀ ਮਹੀਨਾ ਦੇ ਕੇ ਚਲਾਉਂਦੇ ਸਨ ਸਕੂਲ ਆਫ਼ ਐਮੀਨੈਂਸ ਦੀ ਸਿੱਖਿਆ ਵਿਵਸਥਾ
