ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਸਰਬਜੀਤ ਸਿੰਘ, ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਕੀਤੀ। ਉਨ੍ਹਾਂ ਜਰਨੈਲ ਸਿੰਘ ਦੀ ਕਹਾਣੀ ਨਾਲ ਵਿਦਿਆਰਥੀਆਂ ਦੀ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਜਰਨੈਲ ਸਿੰਘ ਨੇ ਪਰਵਾਸੀ ਪੰਜਾਬੀ ਕਹਾਣੀ ਨੂੰ ਭੂ-ਹੇਰਵੇ ਜਿਹੇ ਪਰੰਪਰਕ ਵਿਸ਼ਿਆਂ ਤੋਂ ਕੱਢ ਕੇ ਗਲੋਬਲੀ ਰਾਜਨੀਤਿਕ ਚੇਤਨਾ ਨਾਲ ਜੋੜਿਆ ਹੈ।
ਇਹ ਕਹਾਣੀ ਪਰਵਾਸ ਦੇ ਤਣਾਅ, ਟਕਰਾਅ ਅਤੇ ਸਭਿਆਚਾਰਕ ਰਲੇਵੇ ਵਰਗੇ ਵਿਸ਼ਿਆਂ ਨੂੰ ਮਾਰਮਿਕ ਢੰਗ ਨਾਲ ਪੇਸ਼ ਕਰਨ ਵਾਲੀ ਕਹਾਣੀ ਹੈ।
ਇਸ "ਰੂ-ਬ-ਰੂ" ਪ੍ਰੋਗਰਾਮ ਵਿੱਚ ਕਹਾਣੀਕਾਰ ਜਰਨੈਲ ਸਿੰਘ ਨੇ ਜਿੱਥੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ, ਉੱਥੇ ਉਨ੍ਹਾਂ ਆਪਣੀ ਕਹਾਣੀ ਸਿਰਜਣ ਪ੍ਰਕਿਰਿਆ, ਕਹਾਣੀ ਲਿਖਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਅਭਿਆਸ ਅਤੇ ਪਾਤਰਾਂ ਦੀ ਚੋਣ ਸੰਬੰਧੀ ਵਿਦਿਆਰਥੀਆਂ ਨਾਲ ਗੰਭੀਰ ਚਰਚਾ ਕੀਤੀ।
ਵਿਭਾਗ ਦੀ ਅਧਿਆਪਕਾ ਡਾ. ਪਰਮਜੀਤ ਕੌਰ ਸਿੱਧੂ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਜਿੱਥੇ ਪਰਵਾਸੀ ਕਥਾਕਾਰ ਜਰਨੈਲ ਸਿੰਘ ਦਾ ਵਿਦਿਆਰਥੀਆਂ ਦੇ "ਰੂ-ਬ-ਰੂ" ਹੋਣ ਅਤੇ ਆਪਣੀ ਕਥਾ ਸਿਰਜਣਾ ਬਾਰੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ, ਉੱਥੇ ਉਨ੍ਹਾਂ ਜਰਨੈਲ ਸਿੰਘ ਦੀ ਪੰਜਾਬੀ, ਵਿਸ਼ੇਸ਼ ਕਰ ਪਰਵਾਸੀ ਪੰਜਾਬੀ ਕਥਾ ਜਗਤ ਵਿੱਚ ਨਿਵੇਕਲੀ ਪਛਾਣ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ।
ਡਾ. ਸਿੱਧੂ ਨੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਵਿੱਚ ਪੰਜਾਬੀ ਅਕਾਦਮੀ ਲੁਧਿਆਣਾ ਤੋਂ ਮਿਲੇ ਸਹਿਯੋਗ ਲਈ ਅਕਾਦਮੀ ਦੇ ਪ੍ਰਧਾਨ ਪ੍ਰੋ. ਸਰਬਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਅਖੀਰ ਵਿੱਚ ਵਿਭਾਗ ਵੱਲੋਂ ਮਹਿਮਾਨ ਲੇਖਕ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਨੂੰ ਲੋਈ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਆਪਕ ਪ੍ਰੋ. ਉਮਾ ਸੇਠੀ, ਪ੍ਰੋ. ਅਕਵਿੰਦਰ ਕੌਰ ਤਨਵੀ, ਡਾ. ਪਵਨ, ਡਾ. ਸੁਖਜੀਤ ਕੌਰ, ਰਵੀ ਕੁਮਾਰ ਹਾਜ਼ਰ ਰਹੇ। ਇਸ ਤੋਂ ਇਲਾਵਾ ਹਰਜੀਤ ਕੌਰ, ਕੁਲਵੰਤ ਕੌਰ, ਡਾ. ਗੁਰਮੇਲ ਸਿੰਘ, ਹਰਸਿਮਰਨ ਕੌਰ, ਪੰਜਾਬੀ ਗ਼ਜ਼ਲਗੋ ਥੰਮਣ ਸਿੰਘ ਅਤੇ ਵਿਦਿਆਰਥੀ ਤੇ ਖੋਜਾਰਥੀ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਮਿਤੀ 4 ਮਾਰਚ 2025 ਨੂੰ ਨਾਮਵਰ ਪਰਵਾਸੀ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ (ਕੈਨੇਡਾ) ਨਾਲ "ਰੂ-ਬ-ਰੂ" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
