ਹੁਸ਼ਿਆਰਪੁਰ:- ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਸ੍ਰੀ ਖੁਰਾਲਗੜ ਸਾਹਿਬ, ਪਿੰਡ ਮਹਿੰਦਪੁਰ, ਤਹਿਸੀਲ ਨੰਗਲ, ਜ਼ਿਲ੍ਹਾ ਰੋਪੜ ਨਾਲ ਸੰਬੰਧਿਤ 36 ਏਕੜ ਜ਼ਮੀਨ ਦੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੇ ਇਕ ਵਾਰ ਫਿਰ ਤੂਲ ਫੜ ਲਿਆ ਹੈ। ਇਹ ਜ਼ਮੀਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵੱਲੋਂ ਸੰਤ ਸਰਵਣ ਦਾਸ ਜੀ ਬੋਹਣ ਦੀ ਅਗਵਾਈ ਹੇਠ ਦੇਸ਼–ਵਿਦੇਸ਼ ਦੀਆਂ ਸੰਗਤਾਂ, ਖ਼ਾਸ ਕਰਕੇ ਐਨਆਰਆਈ ਸੰਗਤਾਂ ਦੇ ਸਹਿਯੋਗ ਨਾਲ ਕੌਮ ਦੇ ਭਲੇ ਲਈ ਖਰੀਦੀ ਗਈ ਸੀ।
ਇਸ ਵਿਵਾਦ ਦੇ ਹੱਲ ਲਈ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਡੇਰਾ ਸੰਤ ਪ੍ਰੀਤਮ ਦਾਸ, ਬਾਬੇਜੌੜੇ (ਰਾਏਪੁਰ ਰਸੂਲਪੁਰ) ਪਹੁੰਚੇ, ਜਿੱਥੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੁਸਾਇਟੀ ਦੇ ਸੰਤਾਂ ਅਤੇ ਮਹਾਂਪੁਰਸ਼ਾਂ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ, ਇੰਤਕਾਲ ਅਤੇ ਨਿਸ਼ਾਨਦੇਹੀ ਹੋਣ ਦੇ ਬਾਵਜੂਦ ਵੀ ਪੂਰੀ ਜ਼ਮੀਨ ਅਜੇ ਤੱਕ ਸੁਸਾਇਟੀ ਦੇ ਹਵਾਲੇ ਨਹੀਂ ਕੀਤੀ ਗਈ ਅਤੇ ਕੁਝ ਲੋਕਾਂ ਵੱਲੋਂ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸੁਸਾਇਟੀ ਦੇ ਨਾਮ ਬੋਲਦੀ ਜ਼ਮੀਨ ਤੁਰੰਤ ਖਾਲੀ ਕਰਵਾ ਕੇ ਸੁਸਾਇਟੀ ਨੂੰ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦਾ ਸਹਿਯੋਗ ਮਿਲੇ ਤਾਂ ਇੱਥੇ ਸਕੂਲ, ਕਾਲਜ ਅਤੇ ਹਸਪਤਾਲ ਤਿਆਰ ਕਰਕੇ ਕੌਮ ਨੂੰ ਸਮਰਪਿਤ ਕੀਤੇ ਜਾਣਗੇ।
ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਅਤੇ ਜਨਰਲ ਸਕੱਤਰ ਸੰਤ ਇੰਦਰ ਦਾਸ ਨੇ ਦੋਸ਼ ਲਗਾਇਆ ਕਿ ਸ੍ਰੀ ਚਰਨਛੋਹ ਗੰਗਾ ‘ਤੇ ਜ਼ਬਰਦਸਤੀ ਕਾਬਜ਼ ਇਕ ਪਰਿਵਾਰ ਵੱਲੋਂ ਸੁਸਾਇਟੀ ਦੇ ਸੰਤਾਂ ਅਤੇ ਸੇਵਾਦਾਰਾਂ ‘ਤੇ ਝੂਠੇ ਮੁਕੱਦਮੇ ਦਰਜ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਫਾਈ ਦੌਰਾਨ ਸੇਵਾਦਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਜਿਸ ਸਬੰਧੀ ਐਸਐਸਪੀ ਰੋਪੜ ਨੂੰ ਦਰਖ਼ਾਸਤ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਡੀਐਸਪੀ ਨੰਗਲ ਕਰ ਰਹੇ ਹਨ।
ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਚਰਨਛੋਹ ਗੰਗਾ ਕਿਸੇ ਇਕ ਪਰਿਵਾਰ ਦੀ ਨਹੀਂ, ਸਗੋਂ ਪੂਰੀ ਆਦਿ ਧਰਮੀ ਕੌਮ ਦੀ ਸਾਂਝੀ ਧਰੋਹਰ ਹੈ ਅਤੇ ਇਸ ਦੇ ਪ੍ਰਬੰਧ ਪਾਰਦਰਸ਼ੀ ਢੰਗ ਨਾਲ ਹੋਣੇ ਚਾਹੀਦੇ ਹਨ।
ਐਸਸੀ ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਭਰੋਸਾ ਦਿਵਾਇਆ ਕਿ 36 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਦਾ ਮਸਲਾ ਜਲਦ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਪੂਰੀ ਪ੍ਰਕਿਰਿਆ ਤੁਰੰਤ ਪੂਰੀ ਕੀਤੀ ਜਾਵੇਗੀ ਅਤੇ ਜਿਹੜੀ ਜ਼ਮੀਨ ਸੁਸਾਇਟੀ ਦੇ ਨਾਮ ਹੈ, ਉਹ ਜਲਦ ਹੀ ਸੁਸਾਇਟੀ ਦੇ ਹਵਾਲੇ ਕਰ ਦਿੱਤੀ ਜਾਵੇਗੀ।