ਐੱਸ ਏ ਐੱਸ ਨਗਰ 02 ਸਤੰਬਰ- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸਕਾਰਾਤਮਕ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਾਣਯੋਗ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਅਮਰਪਾਲ ਸਿੰਘ ਆਈ.ਏ.ਐੱਸ.(ਰਿਟਾ) ਦੀ ਰਹਿਨੁਮਾਈ ਹੇਠ ਸੇਵਾ ਸਾਧਨਾ ਸੋਸਾਇਟੀ,ਗੁਰਮਤਿ ਵਿਚਾਰ ਸਭਾ ਅਤੇ ਬੋਰਡ ਜਥੇਬੰਦੀ ਵੱਲੋਂ ਅੱਜ ਬੋਰਡ ਦੇ ਆਡੀਟੋਰੀਅਮ ਵਿਖੇ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਸਮਾਗਮ ਦੀ ਸ਼ੁਰੂਆਤ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐੱਸ. (ਰਿਟਾ:) ਵੱਲੋਂ ਅਰਦਾਸ ਅਤੇ ਧਾਰਮਿਕ ਰਸਮਾਂ ਨਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਸਾਨੂੰ ਸੱਚ, ਧਰਮ, ਸੇਵਾ ਅਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਗੀਤਾਂ ਰਾਹੀਂ ਦਿੱਤੇ ਨਿਰਸਵਾਰਥ ਕਰਮ ਅਤੇ ਫਰਜ਼ ਨਿਭਾਉਣ ਦੇ ਸੰਦੇਸ਼ ਨੂੰ ਅੱਜ ਵੀ ਪ੍ਰਸੰਗਿਕ ਦੱਸਦਿਆਂ ਸਮੂਹ ਕਰਮਚਾਰੀਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਮਾਨਦਾਰੀ, ਸਮਰਪਣ ਤੇ ਨਿਸ਼ਠਾ ਨਾਲ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ।
ਕੁਮਾਰ ਦੀਪਕ ਐਂਡ ਮੰਡਲੀ ਵੱਲੋਂ ਭਜਨ, ਕੀਰਤਨ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਲੀਲਾਵਾਂ ਨਾਲ ਸਬੰਧਤ ਮਨਮੋਹਕ ਧਾਰਮਿਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਭਗਤੀਮਈ ਬਣਾ ਦਿੱਤਾ। ਮੰਡਲੀ ਅਤੇ ਸ਼ਰਧਾਲੂਆਂ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਗੀਤਾ ਦੇ ਸੰਦੇਸ਼ ਨੂੰ ਦਰਸਾਉਂਦੇ ਭਜਨ ਅਤੇ ਧਾਰਮਿਕ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਅੰਤ ਵਿੱਚ ਸਮੂਹ ਸੰਗਤ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਅੱਗੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਪ੍ਰਸ਼ਾਦ ਵੰਡਿਆ ਗਿਆ ਅਤੇ ਅਤੁੱਟ ਭੰਡਾਰਾ ਵਰਤਾਇਆ ਗਿਆ। ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਸੀ ਮਿਲਵਰਤਣ ਨਾਲ ਜਨਮ ਅਸ਼ਟਮੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ।
ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ
