ਮੋਹਾਲੀ:- ਧੰਨ-ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਗਏ। ਸਮਾਗਮ ਦੌਰਾਨ ਬੀਬੀ ਦਲੇਰ ਕੌਰ ਖਾਲਸਾ ਅਤੇ ਨਕੋਦਰ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੀਰਤਾ, ਸਰਹਿੰਦ ਫਤਿਹ ਅਤੇ ਸੂਬੇਦਾਰ ਵਜ਼ੀਰ ਖਾਨ ਨੂੰ ਸਜ਼ਾ ਦੇ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਇਤਿਹਾਸਕ ਪ੍ਰਸੰਗ ਨੂੰ ਵਿਸਥਾਰ ਨਾਲ ਸੰਗਤਾਂ ਅੱਗੇ ਪੇਸ਼ ਕੀਤਾ।
ਬੀਬੀ ਜਸਪ੍ਰੀਤ ਕੌਰ ਪਟਿਆਲਾ ਵਾਲਿਆਂ ਨੇ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਸ ਮੌਕੇ ਸ਼੍ਰੋਮਣੀ ਪ੍ਰਚਾਰਕ ਭਾਈ ਮਨਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਵੱਡੀ ਚੁਣੌਤੀ ਦੇ ਕੇ ਜ਼ੁਲਮ ਦਾ ਟਾਕਰਾ ਕੀਤਾ ਅਤੇ 1716 ਈਸਵੀ ਵਿੱਚ ਧਰਮ ਅਤੇ ਇਨਸਾਫ਼ ਲਈ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ।
ਧਾਰਮਿਕ ਸਮਾਗਮ ਦੌਰਾਨ ਭਾਈ ਸਿਮਰਨਜੀਤ ਸਿੰਘ (ਗੁਰਦੁਆਰਾ ਪੰਝੋਖਰਾ ਸਾਹਿਬ), ਭਾਈ ਹਰਸ਼ਰਨ ਸਿੰਘ ਪਟਿਆਲਾ ਵਾਲੇ, ਬੀਬੀ ਅਮਨਦੀਪ ਕੌਰ ਫਗਵਾੜਾ ਵਾਲੀਆਂ ਦਾ ਢਾਡੀ ਜੱਥਾ, ਭਾਈ ਕਰਨੈਲ ਸਿੰਘ ਜਵੱਦੀ ਟਕਸਾਲ ਵਾਲੇ, ਭਾਈ ਅੰਮ੍ਰਿਤਪਾਲ ਸਿੰਘ ਮੋਗਾ ਵਾਲੇ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਸੁਖਵਿੰਦਰ ਸਿੰਘ ਦੇ ਜੱਥੇ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਨਿਤਿਨ ਸਿੰਘ, ਭਾਈ ਸੰਦੀਪ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ ਵੀ ਸਾਰਾ ਦਿਨ ਸੰਗਤਾਂ ਲਈ ਵਰਤਾਇਆ ਗਿਆ।
