ਪਟਿਆਲਾ, 02 ਅਗਸਤ:-  ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭੀਮ ਭਾਰਤ ਦੇ ਪੰਜਾਬ ਅਤੇ ਚੰਡੀਗੜ੍ਹ ਪ੍ਰਭਾਰੀ ਵੀਰ ਅਰੁਣ ਧਾਲੀਵਾਲ "ਵਾਲਮੀਕਿਨ" ਨੇ ਕਿਹਾ ਕਿ ਬਰਨਾਲਾ ਵਿਖੇ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਦਿੱਤੇ ਗਏ ਪੰਜਾਬ ਬੰਦ ਨੂੰ ਪਟਿਆਲਾ ਵਿੱਚ ਭਰਵਾਂ ਸਮਰਥਨ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਪਟਿਆਲਾ ਦੇ ਬੈਨਰ ਹੇਠ ਵੱਖ-ਵੱਖ ਧਾਰਮਿਕ, ਸਮਾਜਿਕ, ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਪਟਿਆਲਾ ਦੇ ਸਮੂਹ ਦੁਕਾਨਦਾਰਾਂ, ਮਾਰਕੀਟ ਐਸੋਸੀਏਸ਼ਨਾਂ, ਵਪਾਰ ਮੰਡਲਾਂ ਅਤੇ ਵਪਾਰੀ ਭਰਾਵਾਂ ਨੇ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖ ਕੇ ਪੰਜਾਬ ਬੰਦ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਵੀਰ ਅਰੁਣ ਧਾਲੀਵਾਲ "ਵਾਲਮੀਕਿਨ" ਨੇ ਪਟਿਆਲਾ ਦੇ ਸਮੂਹ ਵਪਾਰੀ ਵਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਘਰਸ਼ ਦੀ ਇਸ ਘੜੀ ਵਿੱਚ ਦਿੱਤਾ ਗਿਆ ਇਹ ਸਹਿਯੋਗ ਸਮਾਜਿਕ ਏਕਤਾ ਅਤੇ ਇਨਸਾਫ਼ ਪ੍ਰਤੀ ਲੋਕਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਮੂਹ ਵਪਾਰੀ ਭਾਈਚਾਰੇ ਵੱਲੋਂ ਦਿੱਤੇ ਗਏ ਸਾਥ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਬਰਨਾਲਾ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਸਫਾਈ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਅਤੇ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਐਸ.ਸੀ./ਐਸ.ਟੀ. ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।