ਗੜ੍ਹਸ਼ੰਕਰ, 10 ਫਰਵਰੀ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ (ਗੜ੍ਹਸ਼ੰਕਰ) ਵਿਖੇ ਬਲਾਕ ਦੇ ਅਧਿਆਪਕਾਂ ਨੇ ਸਰਕਾਰ ਦੇ ਤਰੱਕੀਆਂ ਨੂੰ ਟੈਟ ਪ੍ਰੀਖਿਆ ਨਾਲ ਜੋੜਨ ਦੇ ਫੈਸਲੇ ਦਾ ਵਿਰੋਧ ਕੀਤਾ। ਇਸ ਦੌਰਾਨ ਗੜ੍ਹਸ਼ੰਕਰ ਬਲਾਕ-1 ਦੇ ਪ੍ਰਧਾਨ ਪ੍ਰਧਾਨ ਪਵਨ ਕੁਮਾਰ ਗੋਇਲ ਅਤੇ ਬਲਾਕ-2 ਦੇ ਪ੍ਰਧਾਨ ਅਸ਼ਵਨੀ ਰਾਣਾ ਦੀ ਅਗਵਾਈ ਹੇਠ ਅਧਿਆਪਕਾਂ ਨੇ ਟੈਟ ਪ੍ਰੀਖਿਆ ਸੰਬੰਧੀ ਜਾਰੀ ਸਰਕਾਰੀ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ। 
ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਨਵੇਂ ਫੈਸਲੇ ਅਨੁਸਾਰ ਹੁਣ ਕਿਸੇ ਵੀ ਤਰ੍ਹਾਂ ਦੀ ਤਰੱਕੀ ਲਈ ਟੈਟ ਪਾਸ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਨਿਯੁਕਤੀ ਸਮੇਂ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕੀਤੀ ਜਾਂਦੀ ਹੈ, ਪਰ ਤਰੱਕੀਆਂ ਵਿੱਚ ਮਨਮਾਨੀ ਕੀਤੀ ਜਾ ਰਹੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਜਾਣਬੁੱਝ ਕੇ ਅਧਿਆਪਕਾਂ ਨੂੰ ਪੁਰਾਣੇ ਅਤੇ ਨਵੇਂ ਵਿੱਚ ਉਲਝਾਉਣ, ਪ੍ਰੇਸ਼ਾਨ ਕਰਨ ਅਤੇ ਵੰਡਣ ਲਈ ਅਜਿਹੀਆਂ ਸ਼ਰਤਾਂ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਯੂਨੀਅਨਾਂ ਇਸ ਬੇਲੋੜੀ ਸ਼ਰਤ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਸੰਘਰਸ਼ ਜਾਰੀ ਰਹੇਗਾ। 
ਇਸ ਮੌਕੇ ਆਗੂਆਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਲੰਬਿਤ ਮਹਿੰਗਾਈ ਭੱਤਾ (ਡੀਏ) ਜਾਰੀ ਕਰਨ, ਭੱਤਿਆਂ ਦੀ ਬਹਾਲੀ ਅਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਵਰਗੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਦਬਾਅ ਪਾਉਣ ਅਤੇ ਤਰੱਕੀਆਂ 'ਤੇ ਲਗਾਈਆਂ ਗਈਆਂ ਸ਼ਰਤਾਂ ਦਾ ਵਿਰੋਧ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ।
 ਇਸ ਮੌਕੇ ਲੈਕਚਰਾਰ ਨਰੇਸ਼ ਕੁਮਾਰ, ਹੈੱਡਮਾਸਟਰ ਬਲਜੀਤ ਸਿੰਘ, ਹੈੱਡਮਾਸਟਰ ਸੰਦੀਪ ਸਿੰਘ ਬਡੇਸਰੋਂ, ਭਾਗ ਸਿੰਘ, ਰਾਮ ਸਰੂਪ, ਹਰਪਾਲ ਸਹੋਤਾ, ਪਰਮਿੰਦਰ ਪੱਖੋਵਾਲ, ਸਤਪਾਲ ਮਿਨਹਾਸ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਸਨ।