ਪਟਿਆਲਾ, 30 ਜੁਲਾਈ:- ਬਰਨਾਲਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਊਟਸੋਰਸ ਕੱਚੇ ਸਫਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਅਤੇ ਪੰਜਾਬ ਬੰਦ ਦੇ ਸਮਰਥਨ ਵਿੱਚ ਸਵਿਪਰ ਯੂਨੀਅਨ ਨਗਰ ਨਿਗਮ ਪਟਿਆਲਾ ਵੱਲੋਂ ਪ੍ਰਧਾਨ ਬਾਬੂ ਰਾਮ ਬੱਬੂ ਦੀ ਅਗਵਾਈ ਹੇਠ ਸ਼ਹਿਰ ਵਿੱਚ ਵਿਸ਼ਾਲ ਰੋਸ ਰੈਲੀ ਕੱਢੀ ਗਈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਪੁਲਿਸ, ਬਰਨਾਲਾ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨ ਉਗਰਾਹ ਦੇ ਸੀਨੀਅਰ ਆਗੂਆਂ ਨੇ ਵੀ ਰੈਲੀ ਨੂੰ ਆਪਣਾ ਸਮਰਥਨ ਦਿੱਤਾ।
ਰੋਸ ਰੈਲੀ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਆਯੁਰਵੈਦਿਕ ਕਾਲਜ ਰੋਡ, ਮੋਦੀ ਕਾਲਜ ਰੋਡ, ਅਨਾਰਦਾਨਾ ਚੌਂਕ, ਧਰਮਪੁਰਾ ਬਾਜ਼ਾਰ, ਸ਼ੇਰੇ ਪੰਜਾਬ ਮਾਰਕੀਟ ਅਤੇ ਸ਼ੇਰਾਂਵਾਲਾ ਗੇਟ ਤੋਂ ਹੁੰਦੀ ਹੋਈ ਪੁਰਾਣੇ ਬੱਸ ਸਟੈਂਡ ਨੇੜੇ ਸਮਾਪਤ ਹੋਈ।
ਰੈਲੀ ਦੌਰਾਨ ਵਾਲਮੀਕੀ ਸਮਾਜ ਦੇ ਆਗੂ ਜਤਿੰਦਰ ਪ੍ਰਿੰਸ, ਵਿਨੇ ਪਰੋਚੇ, ਨਰੇਸ਼ ਕੁਮਾਰ ਬੋਬੀ, ਜਸਵਿੰਦਰ ਸਬਲੂ, ਸੋਨੂੰ ਸੰਗਰ, ਰਾਜੇਸ਼ ਘਾਰੂ, ਰਾਜੇਸ਼ ਕੁਮਾਰ ਕਾਲਾ, ਕ੍ਰਿਸ਼ਨ ਕੁਮਾਰ ਕਾਕਾ ਅਤੇ ਵਿਕਾਸ ਗਿੱਲ ਸਮੇਤ ਹੋਰਨਾਂ ਨੇ ਵੀ ਸ਼ਮੂਲੀਅਤ ਕਰਦਿਆਂ ਬਰਨਾਲਾ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਸਵਿਪਰ ਯੂਨੀਅਨ ਨਗਰ ਨਿਗਮ ਦੇ ਪ੍ਰਧਾਨ ਬਾਬੂ ਰਾਮ ਬੱਬੂ ਨੇ ਕਿਹਾ ਕਿ ਬਰਨਾਲਾ ਵਿੱਚ ਸਫਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਨੇ ਸਮੁੱਚੇ ਵਾਲਮੀਕੀ ਸਮਾਜ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਖ਼ਿਲਾਫ਼ ਐੱਸ.ਸੀ./ਐੱਸ.ਟੀ. ਐਕਟ ਤਹਿਤ ਕੇਸ ਦਰਜ ਕੀਤਾ ਜਾਵੇ।
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਪਿਛਲੇ 20-20 ਸਾਲਾਂ ਤੋਂ ਸੇਵਾ ਨਿਭਾ ਰਹੇ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ।
ਇਸ ਮੌਕੇ ਚੇਅਰਮੈਨ ਸੰਜੇ ਕਾਂਗੜਾ, ਸੀਨੀਅਰ ਆਗੂ ਸੰਜੇ ਕਲਿਆਣ, ਪਵਨ ਦਰੋਗਾ, ਬਲਜਿੰਦਰ ਦਰੋਗਾ, ਕਮਲ ਦਰੋਗਾ, ਮੱਖਣ ਦਰੋਗਾ, ਰਾਜੀਵ ਦਰੋਗਾ, ਰਾਹੁਲ ਦਰੋਗਾ, ਦਰਸ਼ਨ, ਸੰਦੀਪ, ਹੇਮ ਰਾਜ, ਸੰਜੇ, ਨੇਤਰ, ਵਿਨੋਦ, ਰਾਜੂ, ਕੁਲਦੀਪ ਕਾਕਾ, ਸ਼ੁਭਮ, ਧਰਮਿੰਦਰ, ਮੰਗਤ ਰਾਮ ਕਲਿਆਣ, ਅਸ਼ੋਕ ਏਕਤਾ, ਗੁਰਸੇਵਕ ਗੱਗੂ, ਸ਼ਾਮ ਲਾਲ, ਰੋਹਿਤ ਬਹੁਤੇ, ਵਿਕਰਮ ਗੋਡਿਆਲ, ਸ਼ੇਖਰ, ਅਜੇ ਸਿਰਸਵਾਲ, ਮਨਜੀਤ ਸਿੰਘ, ਹਰਮੀਤ ਕਾਲਾ, ਅਸ਼ੋਕ ਵੈਦ, ਬੰਟੀ ਸੰਗਰ ਸਮੇਤ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀ ਅਤੇ ਸਮਾਜਿਕ ਆਗੂ ਹਾਜ਼ਰ ਸਨ।
ਪੰਜਾਬ ਬੰਦ ਦੇ ਸਮਰਥਨ ਵਿੱਚ ਸਵਿਪਰ ਯੂਨੀਅਨ ਨਗਰ ਨਿਗਮ ਵੱਲੋਂ ਰੋਸ ਰੈਲੀ
