ਰਤੀਆ, 03 ਜੂਨ: ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਮਾਂ-ਬੋਲੀ ਪੰਜਾਬੀ ਨਾਲ ਜੋੜਨ ਲਈ ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ (ਐਸ.ਜੀ.ਪੀ.ਸੀ.) ਅਤੇ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ 10 ਜੂਨ ਤੱਕ ਚੱਲੇਗਾ। ਇਸ ਕੈਂਪ ਵਿੱਚ ਪ੍ਰਚਾਰਕ ਅਤੇ ਅਧਿਆਪਕਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹੈਪੀ ਸਿੰਘ ਸੇਠੀ ਨੇ ਦੱਸਿਆ ਕਿ ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਵਿੱਚ ਸਕਾਰਾਤਮਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜਨ ਲਈ ਜਿੱਥੇ ਪੰਜਾਬੀ ਸਿਖਲਾਈ ਦਿੱਤੀ ਜਾ ਰਹੀ ਹੈ, ਉੱਥੇ ਹੀ ਭਾਸ਼ਾ ਨੂੰ ਕੈਲੀਗ੍ਰਾਫੀ ਵਿੱਚ ਕਿਵੇਂ ਲਿਖਿਆ ਜਾਵੇ, ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਪ੍ਰਚਾਰਕ ਗੁਰਸੇਵਕ ਸਿੰਘ ਤੋਂ ਇਲਾਵਾ ਅਧਿਆਪਕ ਮੀਨਾ ਅਰੋੜਾ, ਕੰਚਨ ਰਾਣੀ ਸਮੇਤ ਹੋਰਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਬੱਚੇ ਪੜ੍ਹਾਈ ਤੋਂ ਇਲਾਵਾ ਹੋਰ ਬੌਧਿਕ ਕੰਮਾਂ ਵਿੱਚ ਅੱਗੇ ਵਧ ਸਕਣ।
ਇਸ ਮੁਫ਼ਤ ਸਮਰ ਕੈਂਪ ਵਿੱਚ ਸ਼ਾਮਲ ਹੋਣ ਲਈ ਕਿਸੇ ਵੀ ਤਰ੍ਹਾਂ ਦੀ ਉਮਰ ਸੀਮਾ ਨਹੀਂ ਰੱਖੀ ਗਈ ਹੈ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਕੈਂਪ ਦੇ ਆਖਰੀ ਦਿਨ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਬੱਚਿਆਂ ਨੂੰ ਕੈਂਪ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਬੱਚਿਆਂ ਨੂੰ ਮਾਂਬੋਲੀ ਅਤੇ ਨੈਤਿਕ ਸਿੱਖਿਆ ਦਾ ਗਿਆਨ ਦੇਣ ਲਈ ਸਮਰ ਕੈਂਪ ਦੀ ਹੋਈ ਸ਼ੁਰੂਆਤ
