ਜੈਤੋ, 17 ਫਰਵਰੀ:- ਲੁਧਿਆਣਾ ਵਿਖੇ ਹਾਲ ਹੀ ਵਿੱਚ ਸੰਪੰਨ ਹੋਈ 'ਦੂਜੀ ਏਸ਼ੀਅਨ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ 2026' ਦੀਆਂ ਸਫ਼ਲਤਾਵਾਂ ਅਤੇ ਪੰਜਾਬੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸੂਬੇ ਵਿੱਚ ਖੇਡਾਂ ਦਾ ਇੱਕ ਨਵਾਂ ਮਾਹੌਲ ਸਿਰਜ ਦਿੱਤਾ ਹੈ। ਇਸ ਚੈਂਪੀਅਨਸ਼ਿਪ ਦੀ ਸਮੀਖਿਆ ਕਰਦਿਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉੱਘੇ ਖੇਡ ਪ੍ਰੇਮੀ ਅਤੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਐਮ.ਜੀ.ਏ. ਨੇ ਕਿਹਾ ਕਿ ਇਹ ਟੂਰਨਾਮੈਂਟ ਪੰਜਾਬ ਵਿੱਚ ਸਾਫਟ ਟੈਨਿਸ ਵਰਗੀਆਂ ਉੱਭਰਦੀਆਂ ਖੇਡਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। 
ਸ੍ਰ. ਨਰਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਜੰਮੂ-ਕਸ਼ਮੀਰ ਸਾਫਟ ਟੈਨਿਸ ਐਸੋਸੀਏਸ਼ਨ ਦੇ ਚੇਅਰਮੈਨ ਜਨਾਬ. ਰਾਜਾ ਗ਼ੁਲਾਮ ਨਬੀ ਵਾਨੀ ਨਾਲ ਮੁਲਾਕਾਤ ਕਰਕੇ ਖੇਡਾਂ ਦੇ ਤਕਨੀਕੀ ਪੱਖਾਂ ਅਤੇ ਭਵਿੱਖ ਦੀਆਂ ਰਣਨੀਤੀਆਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜਪਾਨ, ਕੋਰੀਆ ਅਤੇ ਕੰਬੋਡੀਆ ਵਰਗੇ ਦੇਸ਼ਾਂ ਦੇ ਖਿਡਾਰੀਆਂ ਨਾਲ ਪੰਜਾਬੀ ਗੱਭਰੂਆਂ ਦਾ ਮੁਕਾਬਲਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਕੋਲ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਖਾਸ ਕਰਕੇ ਪੰਜਾਬ ਦੇ ਜੈਵੰਤ ਸਿੰਘ ਗਰੇਵਾਲ ਵੱਲੋਂ ਇਸ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇੱਕ ਗੋਲਡ, ਇੱਕ ਸਿਲਵਰ ਅਤੇ ਇੱਕ ਬ੍ਰੌਂਜ਼ ਮੈਡਲ ਜਿੱਤਣਾ ਪੂਰੇ ਸੂਬੇ ਲਈ ਇਤਿਹਾਸਕ ਪ੍ਰਾਪਤੀ ਹੈ। 
ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਪੰਜਾਬ ਦੀਆਂ ਐਸੋਸੀਏਸ਼ਨਾਂ ਮਿਲ ਕੇ ਅਜਿਹੇ ਸਾਂਝੇ ਉਪਰਾਲੇ ਕਰਨਗੀਆਂ ਜਿਸ ਨਾਲ ਉੱਤਰੀ ਭਾਰਤ ਦੇ ਨੌਜਵਾਨਾਂ ਨੂੰ ਸਾਫਟ ਟੈਨਿਸ ਵਿੱਚ ਕੌਮਾਂਤਰੀ ਸਿਖਲਾਈ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿੱਚ ਹੁੰਦੀ ਗਹਿਮਾ-ਗਹਿਮੀ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖ ਸਕਦੀ ਹੈ। ਸ੍ਰ. ਐਮ.ਜੀ.ਏ. ਨੇ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇਸ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। 
ਇਸ ਮੌਕੇ ਸ੍ਰ. ਨਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਏਸ਼ੀਅਨ ਚੈਂਪੀਅਨਸ਼ਿਪ ਦੇ ਜੇਤੂ ਪੰਜਾਬੀ ਖਿਡਾਰੀਆਂ ਨੂੰ ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ (ਐਨ.ਜੀ.ਓ.) ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾ ਉੱਭਰਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਤਤਪਰ ਹੈ।
ਲੁਧਿਆਣਾ ਵਿਖੇ ਏਸ਼ੀਅਨ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ ਦੌਰਾਨ ਨਰਿੰਦਰ ਸਿੰਘ ਐਮ.ਜੀ.ਏ. ਅਤੇ ਚੇਅਰਮੈਨ ਰਾਜਾ ਗ਼ੁਲਾਮ ਨਬੀ ਵਾਨੀ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ।