ਪਟਿਆਲਾ (ਕਾਕਾ ਰਾਮ ਵਰਮਾ):- ਤਿਉਹਾਰਾਂ ਅਤੇ ਸਰਦੀਆਂ ਦੇ ਮੌਸਮ ਦੌਰਾਨ ਅੱਗ, ਗੈਸ, ਬਿਜਲੀ, ਪੈਟਰੋਲੀਅਮ ਪਦਾਰਥਾਂ, ਰਸਾਇਣਾਂ ਅਤੇ ਧੂੰਏਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਹਰ ਸਾਲ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਪਟਾਕਿਆਂ, ਗੈਸ ਅਤੇ ਬਿਜਲੀ ਨਾਲ ਸਬੰਧਤ ਹਾਦਸਿਆਂ ਕਾਰਨ ਹਜ਼ਾਰਾਂ ਬੱਚੇ, ਨੌਜਵਾਨ ਅਤੇ ਹੋਰ ਨਾਗਰਿਕ ਪ੍ਰਭਾਵਿਤ ਹੁੰਦੇ ਹਨ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਹਨ। ਇਸੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਉਹ ਆਪਣੇ ਮਾਪਿਆਂ ਅਤੇ ਮੁਹੱਲਾ ਵਾਸੀਆਂ ਤੱਕ ਵੀ ਸੁਰੱਖਿਆ ਸਬੰਧੀ ਜਾਣਕਾਰੀ ਪਹੁੰਚਾ ਸਕਣ।

ਇਹ ਵਿਚਾਰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਖੁਸ਼ਹਾਲ ਦੀਵਾਲੀ ਤੇ ਤਿਉਹਾਰ ਮਨਾਉਣ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪ੍ਰਗਟ ਕੀਤੇ। ਉਨ੍ਹਾਂ ਨੇ ਦੁਰਘਟਨਾਵਾਂ ਤੋਂ ਬਚਾਅ, ਪੀੜਤਾਂ ਦੀ ਮਦਦ ਅਤੇ ਐਮਰਜੈਂਸੀ ਹਾਲਾਤ ਵਿੱਚ ਸਹਾਇਤਾ ਕਰਨ ਦੀ ਸਿਖਲਾਈ ਦੇਣ ਲਈ ਫਸਟ ਏਡ, ਸੇਫਟੀ ਅਤੇ ਹੈਲਥ ਅਵੇਅਰਨੈੱਸ ਮਿਸ਼ਨ ਦੇ ਮੁੱਖ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ।

ਸ਼੍ਰੀ ਕਾਕਾ ਰਾਮ ਵਰਮਾ ਨੇ ਅੱਗ, ਗੈਸ ਅਤੇ ਬਿਜਲੀ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਅਤੇ ਅੱਗ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਬਲਣ ਲਈ ਲੋੜੀਂਦੀ ਸਪਲਾਈ ਰੋਕਣ ਅਤੇ ਅੱਗ ਬੁਝਾਊ ਸਿਲੰਡਰਾਂ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਐਮਰਜੈਂਸੀ ਹੈਲਪਲਾਈਨ ਨੰਬਰਾਂ ਦੀ ਵਰਤੋਂ ਬਾਰੇ ਵੀ ਦੱਸਿਆ। ਐਨਸੀਸੀ ਕੈਡਿਟਾਂ ਨੂੰ ਗੈਸ ਅਤੇ ਧੂੰਏਂ ਨਾਲ ਭਰੇ ਸਥਾਨਾਂ ਵਿੱਚੋਂ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਣ, ਬਣਾਉਟੀ ਸਾਹ ਦੇਣ, ਵੈਂਟੀਲੇਟਰ ਸਹਾਇਤਾ, ਏਬੀਸੀਡੀ ਪ੍ਰਕਿਰਿਆ ਅਤੇ ਸੀਪੀਆਰ ਦੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਉਨ੍ਹਾਂ ਨੂੰ ਗੈਸ, ਬਿਜਲੀ ਅਤੇ ਪੈਟਰੋਲੀਅਮ ਪਦਾਰਥਾਂ ਦੀ ਸੁਰੱਖਿਅਤ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਐਨਸੀਸੀ ਅਫਸਰ ਸੁਚਨਾ ਸ਼ਰਮਾ, ਐਨਐਸਐਸ ਪ੍ਰੋਗਰਾਮ ਅਫਸਰ ਰਵਿੰਦਰ ਕੌਰ ਅਤੇ ਸਕਾਊਟ-ਗਾਈਡ ਅਧਿਆਪਕ ਨੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ ਪਟਾਕਿਆਂ ਕਾਰਨ 165 ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਅਤੇ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਰਦੀਆਂ ਦੌਰਾਨ ਬੰਦ ਕਮਰਿਆਂ ਵਿੱਚ ਅੰਗੀਠੀਆਂ ਅਤੇ ਹੀਟਰਾਂ ਦੀ ਵਰਤੋਂ ਕਾਰਨ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਜਾਗਰੂਕਤਾ ਅਤੇ ਵਿਹਾਰਕ ਸਿਖਲਾਈ ਹਾਦਸਿਆਂ ਨੂੰ ਘਟਾਉਣ ਅਤੇ ਕੀਮਤੀ ਜਾਨਾਂ ਤੇ ਜਾਇਦਾਦ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।