ਪਟਿਆਲਾ, 20 ਅਗਸਤ:- ਸੋਨੀ ਪਬਲਿਕ ਸਕੂਲ ਦੇ ਬੱਚਿਆਂ ਨੇ ਪਹਿਲੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਵੱਲੋਂ ਦੇਸ਼ ਅਤੇ ਮਾਨਵਤਾ ਦੀ ਸੁਰੱਖਿਆ, ਬਚਾਅ, ਸਨਮਾਨ ਅਤੇ ਖੁਸ਼ਹਾਲੀ ਲਈ ਕੀਤੇ ਮਹਾਨ ਕ੍ਰਾਂਤੀਕਾਰੀ ਕਾਰਜਾਂ, ਕੁਰਬਾਨੀਆਂ ਅਤੇ ਸੰਘਰਸ਼ਾਂ ਬਾਰੇ ਭਰਪੂਰ ਜਾਣਕਾਰੀ ਹਾਸਲ ਕਰਕੇ ਆਪਣੇ ਵਿਚਾਰ ਅੰਤਰਰਾਸ਼ਟਰੀ ਮਾਨਵਤਾ ਦਿਵਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਜੀ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੌਰਾਨ ਪ੍ਰਗਟ ਕੀਤੇ।
ਇਹ ਜਾਣਕਾਰੀ ਦਿੰਦਿਆਂ ਸੋਨੀ ਪਬਲਿਕ ਸਕੂਲ ਦੀ ਚੇਅਰਮੈਨ ਸ਼੍ਰੀਮਤੀ ਅਮਰਜੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਸਮਝ ਆਈ ਕਿ ਮੁਸੀਬਤਾਂ ਅਤੇ ਗਰੀਬੀ ਦੇ ਸਮੇਂ ਘਬਰਾਉਣ ਦੀ ਬਜਾਏ ਹਿੰਮਤ ਅਤੇ ਹੌਸਲੇ ਨਾਲ ਸੰਘਰਸ਼ ਕੀਤਾ ਜਾਵੇ ਤਾਂ ਸਫਲਤਾਵਾਂ ਜ਼ਰੂਰ ਮਿਲਦੀਆਂ ਹਨ।
ਮੁਕਾਬਲਿਆਂ ਵਿੱਚ ਤੀਸਰੀ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੇ ਇਨ੍ਹਾਂ ਮਹਾਨ ਕ੍ਰਾਂਤੀਕਾਰੀ ਸ਼ਖ਼ਸੀਅਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਜੇਤੂ ਬੱਚਿਆਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਜੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਅਵਤਾਰਾਂ, ਯੋਧਿਆਂ ਅਤੇ ਦੇਸ਼ ਭਗਤਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਦਿਲਾਂ, ਦਿਮਾਗਾਂ ਅਤੇ ਭਾਵਨਾਵਾਂ ਵਿੱਚ ਦੇਸ਼ ਭਗਤ ਯੋਧੇ ਬਣਨ ਲਈ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਇਹ ਮੁਕਾਬਲੇ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਮੁਕਾਬਲੇ ਹੋਰ ਸਕੂਲਾਂ ਵਿੱਚ ਵੀ ਕਰਵਾਏ ਜਾਣਗੇ, ਤਾਂ ਜੋ ਬੱਚਿਆਂ ਨੂੰ ਮਹਾਨ ਸ਼ਕਤੀਸ਼ਾਲੀ ਅਵਤਾਰਾਂ, ਗੁਰੂਆਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ, ਸੰਘਰਸ਼ਾਂ ਅਤੇ ਤਿਆਗ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਦੇ ਨਾਲ ਹੀ ਬੱਚਿਆਂ ਵਿੱਚ ਆਪਣੇ ਜੀਵਨ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਫੈਸ਼ਨਾਂ, ਸਵਾਦਾਂ, ਗਲਤ ਗਤੀਵਿਧੀਆਂ ਅਤੇ ਮਾੜੇ ਅਨਸਰਾਂ ਰਾਹੀਂ ਬਰਬਾਦ ਕਰਨ ਦੀ ਬਜਾਏ ਆਪਣੇ ਦੇਸ਼, ਘਰ-ਪਰਿਵਾਰ, ਵਾਤਾਵਰਨ ਅਤੇ ਉੱਜਵਲ ਭਵਿੱਖ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ।