ਮੁੰਬਈ:- ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਜ਼ੋਰਦਾਰ ਵਾਪਸੀ ਦੇਖਣ ਨੂੰ ਮਿਲੀ। ਬੈਂਚਮਾਰਕ ਸੈਂਸੈਕਸ 1,109 ਅੰਕ ਚੜ੍ਹਿਆ, ਜਦਕਿ ਨਿਫਟੀ 22,720 ਤੋਂ ਉੱਪਰ ਬੰਦ ਹੋਇਆ।
30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,109.10 ਅੰਕ ਜਾਂ 1.54 ਫ਼ੀਸਦੀ ਦੇ ਉਛਾਲ ਨਾਲ ਦਿਨ ਦੇ ਉੱਚ ਪੱਧਰ ਦੇ ਨੇੜੇ 73,033.78 ’ਤੇ ਬੰਦ ਹੋਇਆ। ਚਾਰ ਮਹੀਨਿਆਂ ਵਿੱਚ ਇਹ ਇਸ ਦੀ ਇੱਕ ਦਿਨ ਦੀ ਸਭ ਤੋਂ ਵੱਡੀ ਤੇਜ਼ੀ ਸੀ। ਦਿਨ ਦੇ ਕਾਰੋਬਾਰ ਦੌਰਾਨ ਇਹ 1,120.99 ਅੰਕ ਜਾਂ 1.55 ਫ਼ੀਸਦੀ ਚੜ੍ਹ ਕੇ 73,045.67 ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 358.60 ਅੰਕ ਜਾਂ 1.60 ਫ਼ੀਸਦੀ ਚੜ੍ਹ ਕੇ 22,721.95 ’ਤੇ ਬੰਦ ਹੋਇਆ। ਦੋ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਇਹ ਇਸ ਦੀ ਇੱਕ ਦਿਨ ਦੀ ਸਭ ਤੋਂ ਵਧੀਆ ਵਾਪਸੀ ਸੀ। ਕਾਰੋਬਾਰ ਦੌਰਾਨ ਸੂਚਕ ਅੰਕ ਨੇ 22,721.95 ਦਾ ਉੱਚ ਪੱਧਰ ਛੂਹਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਐੱਚ.ਸੀ.ਐੱਲ. ਟੈਕ ਦੇ ਸ਼ੇਅਰ 8.28 ਫ਼ੀਸਦੀ ਚੜ੍ਹੇ। ਆਈ.ਟੀ. ਕੰਪਨੀ ਨੇ ਵਿੱਤੀ ਵਰ੍ਹੇ 2026-27 ਦੀ ਜੁਲਾਈ-ਸਤੰਬਰ ਤਿਮਾਹੀ ਵਿੱਚ ਆਪਣੇ ਸੰਯੁਕਤ ਸ਼ੁੱਧ ਲਾਭ ਵਿੱਚ 21.18 ਫ਼ੀਸਦੀ ਵਾਧਾ ਦਰਜ ਕੀਤਾ, ਜੋ 5,132 ਕਰੋੜ ਰੁਪਏ ਰਿਹਾ। ਇਹ ਵਾਧਾ ਤੇਜ਼ੀ ਨਾਲ ਫੈਲ ਰਹੇ ਐਡਵਾਂਸਡ ਏ.ਆਈ. ਕਾਰੋਬਾਰ ਤੋਂ ਵਧੇਰੇ ਮਾਰਜਿਨ ਅਤੇ ਘੱਟ ਟੈਕਸ ਕਾਰਨ ਹੋਇਆ। ਇਸ ਤੋਂ ਇਲਾਵਾ, ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ 6.59 ਫ਼ੀਸਦੀ, ਟੈਕ ਮਹਿੰਦਰਾ ਦੇ 4.90 ਫ਼ੀਸਦੀ ਅਤੇ ਇੰਫੋਸਿਸ ਦੇ 4.44 ਫ਼ੀਸਦੀ ਚੜ੍ਹੇ।
ਐੱਚ.ਯੂ.ਐੱਲ., ਟਾਈਟਨ, ਬਜਾਜ ਫਿਨਸਰਵ, ਐੱਸ.ਬੀ.ਆਈ., ਐੱਚ.ਡੀ.ਐੱਫ਼.ਸੀ. ਬੈਂਕ, ਐੱਮ.ਐਂਡ.ਐੱਮ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੀ ਸੂਚਕ ਅੰਕ ਨੂੰ ਉੱਪਰ ਲਿਜਾਣ ਵਾਲੇ ਮੁੱਖ ਸ਼ੇਅਰਾਂ ਵਿੱਚ ਸ਼ਾਮਲ ਸਨ। ਕੋਟਕ ਮਹਿੰਦਰਾ ਬੈਂਕ, ਇਟਰਨਲ ਅਤੇ ਮਾਰੂਤੀ ਪਿੱਛੇ ਰਹਿਣ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਸਨ।
ਸੋਮਵਾਰ ਨੂੰ ਸੈਂਸੈਕਸ 547.65 ਅੰਕ ਜਾਂ 0.76 ਫ਼ੀਸਦੀ ਡਿੱਗ ਕੇ 71,924.68 ’ਤੇ ਬੰਦ ਹੋਇਆ ਸੀ। ਨਿਫਟੀ 157.10 ਅੰਕ ਜਾਂ 0.70 ਫ਼ੀਸਦੀ ਡਿੱਗ ਕੇ 22,363.35 ’ਤੇ ਬੰਦ ਹੋਇਆ ਸੀ।
