ਅੰਬਾਲਾ, 31 ਜੁਲਾਈ:- ਅੰਬਾਲਾ ਵਿੱਚ ਇੱਕ 16 ਸਾਲਾ ਵਿਦਿਆਰਥਣ ਨੇ ਆਪਣੇ ਮਤਰੇਏ ਬਾਪ ਤੇ ਜਬਰ ਜਨਾਹ ਦਾ ਦੋਸ਼ ਲਾਇਆ ਹੈ। ਪੀੜਤਾ ਦਾ ਕਹਿਣਾ ਹੈ ਕਿ ਪਹਿਲਾਂ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਪਰ ਡਰ ਦੇ ਮਾਰੇ ਉਸ ਨੇ ਨਜ਼ਰ ਅੰਦਾਜ਼ ਕੀਤਾ ਤੇ ਉਸ ਨੂੰ ਚੁੱਪ ਰਹਿਣ ਲਈ ਕਿਹਾ। ਜਦੋਂ ਉਸ ਨੂੰ ਮਾਂ ਦਾ ਸਹਿਯੋਗ ਨਾ ਮਿਲਿਆ ਤਾਂ ਉਸ ਨੇ ਹਿੰਮਤ ਕਰਕੇ ਸਾਰੀ ਦਾਸਤਾ ਆਪਣੀ ਸਕੂਲ ਅਧਿਆਪਕਾ ਨੂੰ ਦੱਸੀ ਜਿਸ ਨੇ ਬਾਲ ਭਲਾਈ ਕਮੇਟੀ ਨਾਲ ਸੰਪਰਕ ਕੀਤਾ। ਕਮੇਟੀ ਦੇ ਦਖ਼ਲ ਤੋਂ ਬਾਅਦ ਥਾਣਾ ਮਹਿਲਾ ਪੁਲੀਸ ਨੇ ਦੋਸ਼ੀ ਦੇ ਖ਼ਿਲਾਫ਼ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ਦੇ ਹੁਕਮਾਂ ਤੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਇਸ ਮਾਮਲੇ ਵਿਚ ਜਦੋਂ ਬਾਲ ਭਲਾਈ ਕਮੇਟੀ ਨੇ ਪੀੜਤਾ ਦੀ ਮਾਂ ਨੂੰ ਸੱਦਿਆ ਤਾਂ ਮਾਂ ਨੇ ਆਪਣੀ ਧੀ ਨੂੰ ਕੇਸ ਵਾਪਸ ਲੈਣ ਲਈ ਕਿਹਾ। ਸਥਿਤੀ ਨੂੰ ਦੇਖਦਿਆਂ ਵਿਦਿਆਰਥਣ ਦੀ ਸੁਰੱਖਿਆ ਲਈ ਕਮੇਟੀ ਨੇ ਫ਼ਿਲਹਾਲ ਉਸ ਨੂੰ ਸ਼ੈਲਟਰ ਹੋਮ ਭੇਜ ਦਿੱਤਾ ਹੈ। ਕੱਲ੍ਹ ਵੀਰਵਾਰ ਨੂੰ ਉਸ ਦੀ ਕਾਊਂਸਲਿੰਗ ਵੀ ਕੀਤੀ ਗਈ। ਕਾਊਂਸਲਿੰਗ ਦੌਰਾਨ ਵਿਦਿਆਰਥਣ ਨੇ ਘਰ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ ਪਰ ਨਾਲ ਹੀ ਕਿਹਾ ਕਿ ਉਸ ਦੀ ਮਾਂ ਉਸ 'ਤੇ ਕੇਸ ਵਾਪਸ ਲੈਣ ਲਈ ਲਗਾਤਾਰ ਦਬਾਅ ਪਾ ਰਹੀ ਸੀ।
ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਰੰਜੀਤਾ ਨੇ ਕਿਹਾ ਕਿ ਵਿਦਿਆਰਥਣ ਨੂੰ ਉਦੋਂ ਤੱਕ ਸ਼ੈਲਟਰ ਹੋਮ ਵਿੱਚ ਰੱਖਿਆ ਜਾਵੇਗਾ ਜਦੋਂ ਤੱਕ ਮਾਂ ਦੀ ਕਾਊਂਸਲਿੰਗ ਪੂਰੀ ਨਹੀਂ ਹੋ ਜਾਂਦੀ ਅਤੇ ਲੜਕੀ ਦੀ ਸੁਰੱਖਿਆ ਸਬੰਧੀ ਇੱਕ ਸੰਤੋਸ਼ਜਨਕ ਸਥਿਤੀ ਨਹੀਂ ਬਣ ਜਾਂਦੀ।
ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਵਿਦਿਆਰਥਣ ਨੇ ਦੱਸਿਆ ਕਿ ਉਸ ਦਾ ਮਤਰੇਆ ਬਾਪ ਲੰਬੇ ਸਮੇਂ ਤੋਂ ਉਸ 'ਤੇ ਅੱਖ ਰੱਖ ਰਿਹਾ ਸੀ ਅਤੇ ਪਹਿਲਾਂ ਵੀ ਉਹ ਕਈ ਵਾਰ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਚੁੱਕਾ ਸੀ।
ਮਤਰੇਏ ਬਾਪ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ ਮਾਮਲਾ ਜ਼ਿਲ੍ਹਾ ਬਾਲ ਭਲਾਈ ਕਮੇਟੀ ਕੋਲ ਪਹੁੰਚਿਆ ਬਾਪ ਗ੍ਰਿਫ਼ਤਾਰ
