ਗੜ੍ਹਸ਼ੰਕਰ, 5 ਅਗਸਤ:- ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਰੁਜ਼ਗਾਰ ਮੁਖੀ ਕਰੀਅਰ ਨਾਲ ਜੋੜਨ ਲਈ ਵਿਸ਼ੇਸ਼ ਉੱਦਮਤਾ ਸਬੰਧੀ ਇਕ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਾਬੂਜੀ ਹਰੀ ਸਿੰਘ ਬਾਸੀ ਇੰਟਰਪ੍ਰਾਇਨਰਸ਼ਿਪ ਸੈਂਟਰ, ਮਾਹਿਲਪੁਰ ਦੇ ਡਾਇਰੈਕਟਰ ਪ੍ਰੋ ਪ੍ਰਿਤਪਾਲ ਸਿੰਘ ਨੇ ਮੁੱਖ ਬੁਲਾਰੇ ਵੱਜੋਂ ਸ਼ਿਰਕਤ ਕੀਤੀ। 
ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਵੱਖ ਵੱਖ ਹੁਨਰਮੰਦ ਰੁਜ਼ਗਾਰ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਉੱਦਮਤਾ ਸਬੰਧੀ ਅਜਿਹੇ ਲੈਕਚਰਾਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਪ੍ਰੋ ਪ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨਿੱਕੇ ਨਿੱਕੇ ਰੁਜ਼ਗਾਰ ਸ਼ੁਰੂ ਕਰਕੇ ਉੱਦਮੀ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਬਹੁਤ ਸਿਰਜਣਾਤਮਿਕ ਹੁੰਦਾ ਹੈ ਅਤੇ ਇਸ ਪੜਾਅ 'ਤੇ ਯੁਵਾ ਊਰਜਾ ਨੂੰ ਉੱਦਮਤਾ ਨਾਲ ਜੁੜ ਕੇ ਚੰਗੇ ਕਰੀਅਰ ਵੱਲ ਵਧਣਾ ਚਾਹੀਦਾ ਹੈ। 
ਉਨ੍ਹਾਂ ਉੱਦਮੀ ਵਿਦਿਆਰਥੀਆਂ ਦੀਆਂ ਵੱਖ-ਵੱਖ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਰੁਜ਼ਗਾਰ ਕੇਂਦਰਤ ਗਤੀਵਿਧੀਆਂ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਮੁੱਖ ਬੁਲਾਰੇ ਪ੍ਰੋ ਪ੍ਰਿਤਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ ਦਵਿੰਦਰ ਠਾਕੁਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਹਰਪ੍ਰੀਤ ਕੌਰ , ਪ੍ਰੋ ਰਮਨਦੀਪ ਕੌਰ, ਪ੍ਰੋ ਬਬੀਤਾ, ਪ੍ਰੋ ਸ਼ੀਤਲ ਆਦਿ ਸਟਾਫ ਮੈਂਬਰ ਹਾਜ਼ਰ ਸਨ।