ਪਟਿਆਲਾ, 16 ਅਗਸਤ:- ਸ੍ਰੀ ਸ਼ਿਵ ਮਹਾਂਪੁਰਾਣ ਕਥਾ ਖਾਸ ਕਰਕੇ ਸਾਵਣ ਮਹੀਨੇ ਵਿੱਚ ਕਰਵਾਉਣ ਅਤੇ ਸੁਣਨ ਦਾ ਬਹੁਤ ਹੀ ਅਤੀ ਲਾਭਦਾਇਕ ਮਹੱਤਵ ਹੈ। ਇਹ ਵਿਚਾਰ ਪੰਡਿਤ ਅਸ਼ਵਨੀ ਸ਼ਰਮਾ ਨੇ ਪ੍ਰਗਟ ਕੀਤੇ।
ਸੁਧਾਰ ਸਭਾ ਸ੍ਰੀ ਕੇਦਾਰਨਾਥ ਜੀ ਰਜਿ. ਅਤੇ ਭਗਤਾਂ ਦੇ ਸਹਿਯੋਗ ਨਾਲ ਪ੍ਰਾਚੀਨ ਮੰਦਰ ਸ੍ਰੀ ਕੇਦਾਰਨਾਥ ਜੀ ਵਿਖੇ 16 ਅਗਸਤ ਤੋਂ 24 ਅਗਸਤ ਤੱਕ ਹਰ ਰੋਜ਼ ਸ਼ਾਮ 4:00 ਵਜੇ ਤੋਂ 7:00 ਵਜੇ ਤੱਕ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਕਰਵਾਈ ਜਾ ਰਹੀ ਹੈ। ਇਸ ਮੌਕੇ ਕਥਾ ਵਾਚਕ ਆਚਾਰਿਆ ਰਵੀ ਕ੍ਰਿਸ਼ਨ ਜੀ ਮਹਾਰਾਜ ਵੱਲੋਂ ਕਥਾ ਕੀਤੀ ਜਾਵੇਗੀ।
ਕਥਾ ਦੇ ਆਰੰਭ ਮੌਕੇ 16 ਅਗਸਤ, ਐਤਵਾਰ ਨੂੰ ਸਵੇਰੇ 8:00 ਵਜੇ ਮੰਦਰ ਤੋਂ ਕਲਸ਼ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ 51 ਮਹਿਲਾਵਾਂ ਵੱਲੋਂ ਸਿਰਾਂ ’ਤੇ ਕਲਸ਼ ਚੁੱਕ ਕੇ ਬੈਂਡ-ਵਾਜਿਆਂ ਨਾਲ ਸ਼ਮੂਲੀਅਤ ਕੀਤੀ ਗਈ। ਸੁਧਾਰ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਯਾਤਰਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਕਲਸ਼ ਯਾਤਰਾ ਵੱਖ-ਵੱਖ ਕਲੋਨੀਆਂ ਵਿੱਚੋਂ ਹੁੰਦੀ ਹੋਈ ਮੁੜ ਮੰਦਰ ਵਿਖੇ ਪਹੁੰਚੀ, ਜਿੱਥੇ ਕਲਸ਼ ਸਥਾਪਿਤ ਕੀਤੇ ਗਏ। ਇਸ ਮੌਕੇ ਸਾਰੇ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਲੋਨੀ ਨਿਵਾਸੀਆਂ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹਾ ਸਮਾਗਮ ਪਹਿਲੀ ਵਾਰ ਕਰਵਾਇਆ ਗਿਆ ਹੈ।
24 ਅਗਸਤ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਪੂਰਨ ਆਹੁਤੀ, ਸਤਿਸੰਗ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਸੰਸਥਾਪਕ ਸਤਨਾਮ ਹਸੀਜਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਨ੍ਹਾਂ ਨੂੰ ਲੁਧਿਆਣਾ ਤੋਂ ਸਾਧਵੀ ਦਿਆ ਦੀਦੀ ਦੇ 4-5 ਵਾਰ ਫੋਨ ਆਏ। ਉਨ੍ਹਾਂ ਦੱਸਿਆ ਕਿ ਸਾਧਵੀ ਜੀ ਨੇ ਸੁਧਾਰ ਸਭਾ ਵੱਲੋਂ ਪ੍ਰਾਚੀਨ ਮੰਦਰ ਸ੍ਰੀ ਕੇਦਾਰਨਾਥ ਜੀ ਵਿਖੇ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਪਟਿਆਲਾ ਵਿਖੇ 2-3 ਵਾਰ ਕਥਾ ਕਰਕੇ ਜਾ ਚੁੱਕੇ ਹਨ ਅਤੇ ਹੁਣ ਪ੍ਰਾਚੀਨ ਮੰਦਰ ਸ੍ਰੀ ਕੇਦਾਰਨਾਥ ਜੀ ਵਿਖੇ, ਜਿੱਥੇ ਵਿਸ਼ਾਲ ਮੂਰਤੀ ਸਥਾਪਿਤ ਹੈ ਅਤੇ ਜੋ ਮੇਨ ਰੋਡ ’ਤੇ ਸਥਿਤ ਹੈ, ਉੱਥੇ ਆ ਕੇ ਕਥਾ ਕਰਨ ਦੀ ਇੱਛਾ ਹੈ।
ਸਤਨਾਮ ਹਸੀਜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਧਵੀ ਜੀ ਨੂੰ ਕਿਹਾ ਗਿਆ ਕਿ ਇਸ ਸਮੇਂ ਕਾਵੜ ਸ਼ਿਵਿਰ ਲਗਾਇਆ ਹੋਇਆ ਹੈ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰ ਦਿਨ-ਰਾਤ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਸਾਧਵੀ ਜੀ ਨੂੰ ਇੱਕ ਵਾਰ ਮੰਦਰ ਵਿਖੇ ਆਉਣ ਲਈ ਸੱਦਾ ਦਿੱਤਾ। ਇਸ ਉਪਰੰਤ 9 ਅਗਸਤ ਨੂੰ ਦੁਪਹਿਰ 2:00 ਵਜੇ ਸਾਧਵੀ ਜੀ ਮੰਦਰ ਵਿਖੇ ਪਹੁੰਚੇ ਅਤੇ ਸਾਰੇ ਮੈਂਬਰਾਂ ਨਾਲ ਗੱਲਬਾਤ ਕੀਤੀ। ਮੈਂਬਰਾਂ ਨੇ ਕਿਹਾ ਕਿ ਸਾਵਣ ਮਹੀਨੇ ਵਿੱਚ ਅਜਿਹਾ ਧਾਰਮਿਕ ਕਾਰਜ ਹੋਣਾ ਉਨ੍ਹਾਂ ਲਈ ਬਹੁਤ ਵੱਡੀ ਖੁਸ਼ਕਿਸਮਤੀ ਹੈ।
ਉਨ੍ਹਾਂ ਦੱਸਿਆ ਕਿ ਸਾਧਵੀ ਜੀ ਦੇ ਨਾਲ 6-7 ਵਿਅਕਤੀਆਂ ਦੀ ਮੰਡਲੀ ਹੈ ਅਤੇ ਉਨ੍ਹਾਂ ਨੂੰ 9 ਦਿਨ ਰਹਿਣ ਲਈ ਕਿਹਾ ਗਿਆ ਹੈ। ਸੁਧਾਰ ਸਭਾ ਦੇ ਜਨਰਲ ਸਕੱਤਰ ਸੁਰਿੰਦਰ ਪਾਠਕ ਜੀ ਨੇ ਹਾਮੀ ਭਰਦਿਆਂ ਕਿਹਾ ਕਿ ਉਹ 9 ਦਿਨਾਂ ਦੌਰਾਨ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਸੇਵਾ ਹੈ ਅਤੇ ਭੋਲੇ ਬਾਬਾ ਬਹੁਤ ਹੀ ਦਿਆਲੂ ਹਨ। ਉਨ੍ਹਾਂ ਦੀ ਛਤਰ-ਛਾਇਆ ਹੇਠ ਹੀ ਸਾਰੇ ਕਾਰਜ ਹੋ ਰਹੇ ਹਨ ਅਤੇ ਭਗਵਾਨ ਆਪ ਹੀ ਸਾਰੀ ਸੇਵਾ ਕਰਵਾ ਰਹੇ ਹਨ।
ਸਤਨਾਮ ਹਸੀਜਾ ਨੇ ਦੱਸਿਆ ਕਿ ਸੁਧਾਰ ਸਭਾ ਵੱਲੋਂ ਲਗਾਇਆ ਗਿਆ ਕਾਵੜ ਸ਼ਿਵਿਰ ਵੀ ਬਹੁਤ ਹੀ ਵੱਡੇ ਪੱਧਰ ’ਤੇ ਆਯੋਜਿਤ ਕੀਤਾ ਗਿਆ ਸੀ। ਕਈ ਕਾਵੜੀਆਂ ਵੱਲੋਂ ਸੁਧਾਰ ਸਭਾ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭਾ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਕਾਵੜੀਆਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਅਜਿਹੀ ਸੇਵਾ-ਭਾਵਨਾ ਨਹੀਂ ਦੇਖੀ।
ਅੰਤ ਵਿੱਚ ਸੰਸਥਾਪਕ ਸਤਨਾਮ ਹਸੀਜਾ ਨੇ ਸੁਧਾਰ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭੋਲੇ ਬਾਬਾ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਅਤੇ ਸਮੂਹ ਸੇਵਾਦਾਰਾਂ ਨੂੰ ਹੋਰ ਸੇਵਾ ਕਰਨ ਦੀ ਸ਼ਕਤੀ ਬਖਸ਼ਣ।
ਸਾਵਣ ਮਹੀਨੇ ਵਿੱਚ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਕਰਵਾਉਣ ਅਤੇ ਸੁਣਨ ਦਾ ਵਿਸ਼ੇਸ਼ ਮਹੱਤਵ ਪੰਡਿਤ ਅਸ਼ਵਨੀ ਸ਼ਰਮਾ
