ਹਾਂਸੀ (ਦਿਨਕਰ ਗਾਵੜੀ):- ਹਾਂਸੀ ਜ਼ਿਲ੍ਹੇ ਵਿੱਚ ਪੁਲਿਸ ਪ੍ਰਬੰਧ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਅਨੁਸ਼ਾਸਿਤ ਬਣਾਉਣ ਦੇ ਉਦੇਸ਼ ਨਾਲ ਹਾਂਸੀ ਦੇ ਪੁਲਿਸ ਅਧਿਕਾਰੀ ਵਿਨੋਦ ਕੁਮਾਰ ਨੇ ਥਾਣਾ ਸਦਰ ਹਾਂਸੀ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਥਾਣੇ ਦੇ ਅਹਾਤੇ ਵਿੱਚ ਵੱਖ-ਵੱਖ ਪ੍ਰਬੰਧਾਂ, ਰਿਕਾਰਡ ਸੰਭਾਲ, ਸੁਰੱਖਿਆ ਪ੍ਰਬੰਧਾਂ, ਸਫ਼ਾਈ ਅਤੇ ਪੁਲਿਸ ਮੁਲਾਜ਼ਮਾਂ ਦੇ ਕੰਮਕਾਜੀ ਮਾਹੌਲ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਨਿਰੀਖਣ ਦੌਰਾਨ ਪੁਲਿਸ ਅਧਿਕਾਰੀ ਨੇ ਥਾਣੇ ਵਿੱਚ ਰੱਖੇ ਵੱਖ-ਵੱਖ ਮਹੱਤਵਪੂਰਨ ਰਜਿਸਟਰਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚ ਰੋਜ਼ਨਾਮਚਾ, ਐੱਫਆਈਆਰ, ਸ਼ਿਕਾਇਤ, ਹਿਸਟਰੀਸ਼ੀਟਰ, ਸੰਮਨ ਅਤੇ ਵਾਰੰਟ, ਗੁੰਮਸ਼ੁਦਗੀ, ਬੀਟ, ਵਾਹਨ ਜ਼ਬਤੀ, ਹਵਾਲਾਤ ਅਤੇ ਮਾਲਖਾਨਾ ਰਜਿਸਟਰਾਂ ਸਮੇਤ ਸੀਸੀਟੀਐੱਨਐੱਸ ਰਿਕਾਰਡ ਸ਼ਾਮਲ ਸਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਾਰੇ ਰਿਕਾਰਡ ਅੱਪਡੇਟ ਅਤੇ ਸੁਚੱਜੇ ਢੰਗ ਨਾਲ ਰੱਖਣ ਅਤੇ ਲੰਬਿਤ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਐੱਸਪੀ ਵਿਨੋਦ ਕੁਮਾਰ ਨੇ ਮਾਲਖਾਨੇ ਵਿੱਚ ਜਮ੍ਹਾਂ ਕੇਸ ਪ੍ਰਾਪਰਟੀ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਦੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਰ ਮੋਰੀ, ਪੁਲਿਸ ਜਵਾਨਾਂ ਦੀਆਂ ਬੈਰਕਾਂ, ਮੈੱਸ, ਪਖਾਨਿਆਂ ਅਤੇ ਥਾਣੇ ਦੇ ਅਹਾਤੇ ਵਿੱਚ ਸਫ਼ਾਈ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਾਫ਼-ਸੁਥਰਾ ਅਤੇ ਸੁਚੱਜਾ ਮਾਹੌਲ ਬਣਾਈ ਰੱਖਣ ’ਤੇ ਜ਼ੋਰ ਦਿੱਤਾ।
ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਥਾਣਾ ਪੱਧਰ ’ਤੇ ਬਿਹਤਰ ਅਨੁਸ਼ਾਸਨ, ਪਾਰਦਰਸ਼ਤਾ ਅਤੇ ਸੁਚੱਜੀ ਕਾਰਜਪ੍ਰਣਾਲੀ ਨਾਲ ਆਮ ਲੋਕਾਂ ਦਾ ਪੁਲਿਸ ਪ੍ਰਤੀ ਭਰੋਸਾ ਮਜ਼ਬੂਤ ਹੁੰਦਾ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪੁਲਿਸ ਮੁਲਾਜ਼ਮ ਆਮ ਲੋਕਾਂ ਨਾਲ ਸੁਹਿਰਦਤਾ ਭਰਿਆ ਵਿਹਾਰ ਕਰਨ, ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਤੇ ਆਪਣੀ ਡਿਊਟੀ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਥਾਣੇ ਦੇ ਅਹਾਤੇ ਵਿੱਚ ਬੂਟਾ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਅੱਜ ਦੇ ਸਮੇਂ ਦੀ ਮਹੱਤਵਪੂਰਨ ਲੋੜ ਹੈ। ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਹੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਥਾਣੇ ਦੇ ਅਹਾਤੇ ਵਿੱਚ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਮਾਹੌਲ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡੀਐੱਸਪੀ ਵਿਨੋਦ ਸ਼ੰਕਰ, ਇੰਸਪੈਕਟਰ ਸਦਾਨੰਦ, ਥਾਣਾ ਸਦਰ ਦੇ ਇੰਚਾਰਜ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।
