ਬੰਗਾ/ਨਵਾਂਸ਼ਹਿਰ- ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ, ਵੱਲੋਂ ਆਯੋਜਿਤ 34ਵਾਂ ਮੇਲਾ ਗਦਰੀ ਬਾਬਿਆਂ ਦਾ (ਗਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ 1925–2025 ਨੂੰ ਸਮਰਪਿਤ) ਦੇ ਦੂਸਰੇ ਦਿਨ(31 ਅਕਤੂਬਰ, 2025) ਦੇ ਮੁਕਾਬਲਿਆਂ ਵਿੱਚ ਸਿੱਖ ਨੈਸ਼ਨਲ ਕਾਲਜ, ਬੰਗਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਇਹ ਸਫਲਤਾ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਦੀ ਰਾਹਨੁਮਾਈ ਹੇਠ ਪ੍ਰਾਪਤ ਹੋਈ।
ਮੁਕਾਬਲਿਆਂ ਵਿੱਚ ਭਾਗ ਲੈਂਦਿਆਂ, ਕਾਲਜ ਦੀਆਂ ਬੀ. ਏ. ਭਾਗ ਦੂਸਰਾ ਤੇ ਤੀਸਰਾ ਦੀਆਂ ਵਿਦਿਆਰਥਣਾਂ ਟਵਿੰਕਲ, ਰਵੀਨਾ ਅਤੇ ਸੁਰਿੰਦਰ ਕੌਰ ਨੇ ਕੁਇਜ਼ ਮੁਕਾਬਲੇ ਵਿੱਚ 18 ਟੀਮਾਂ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ਦੇ ਇੰਚਾਰਜ ਡਾ. ਕੁਮਾਰੀ ਸਿਖਾ ਅਤੇ ਪ੍ਰੋ. ਕਿਸ਼ੋਰ ਕੁਮਾਰ ਸਨ। ਇਸੇ ਮੇਲੇ ਦੇ ਭਾਸ਼ਣ (ਇਲੋਕਿਊਸ਼ਨ) ਮੁਕਾਬਲੇ ਵਿੱਚ ਬੀ. ਏ. ਭਾਗ- ਪਹਿਲਾ ਦੇ ਵਿਦਿਆਰਥੀ ਗੁਰਦੀਪ ਸਰੋਏ ਨੇ 30 ਤੋਂ ਵੱਧ ਪ੍ਰਤੀਯੋਗੀਆਂ ਵਿੱਚੋਂ “ਹੌਂਸਲਾ ਵਧਾਉ” ਇਨਾਮ ਪ੍ਰਾਪਤ ਕੀਤਾ।
ਇਸ ਮੁਕਾਬਲੇ ਦੇ ਇੰਚਾਰਜ ਡਾ. ਨਿਰਮਲਜੀਤ ਕੌਰ ਅਤੇ ਪ੍ਰੋ. ਤਜਿੰਦਰ ਸਿੰਘ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਤਿਆਰੀ ਵਿੱਚ ਪੂਰਾ ਸਹਿਯੋਗ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਹੁਰਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਹਿਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਰਨੈਲ ਸਿੰਘ ਪੱਲੀਝਿੱਕੀ ਵੀ ਇਸ ਮੌਕੇ ਹਾਜ਼ਰ ਸਨ।
ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਦਾ 34ਵੇਂ ਮੇਲਾ ਗਦਰੀ ਬਾਬਿਆਂ ਦਾ ਵਿੱਚ ਸ਼ਾਨਦਾਰ ਪ੍ਰਦਰਸ਼ਨ
