ਪਟਿਆਲਾ:- ਸ਼ਿਵ ਸੈਨਾ ਸ਼ੇਰ-ਏ-ਹਿੰਦ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਜੋਤ ਗੋਲਡੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਚਹਿਰੀਆਂ ਦੇ ਇੱਕ ਚੈਂਬਰ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਵਿੱਚ ਕੌਮੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ ਅਤੇ ਕੌਮੀ ਕਾਨੂੰਨੀ ਸਲਾਹਕਾਰ ਐਡਵੋਕੇਟ ਵਿਨੋਦ ਕੁਮਾਰ ਢੱਢਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸ੍ਰੀ ਕਾਲੀ ਮਾਤਾ ਮੰਦਰ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਕੰਮਾਂ ਬਾਰੇ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਸ਼ਿਵ ਸੈਨਾ ਸ਼ੇਰ-ਏ-ਹਿੰਦ ਦੇ ਕੌਮੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਵਿਨੋਦ ਕੁਮਾਰ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਸਰਕਾਰ ਤੋਂ ਮੰਦਰ ਦੇ ਨਵੀਨੀਕਰਨ ਲਈ ਫੰਡ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਕਾਲੀ ਮਾਤਾ ਮੰਦਰ ਦੇ ਸੁੰਦਰੀਕਰਨ ’ਤੇ ਹੁਣ ਤੱਕ ਖਰਚ ਹੋਇਆ ਪੈਸਾ ਮਾਤਾ ਜੀ ਦੀ ਗੋਲਕ ਜਾਂ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਤੱਕ ਕੇਜਰੀਵਾਲ ਜਾਂ ਭਗਵੰਤ ਮਾਨ ਸਰਕਾਰ ਵੱਲੋਂ ਮੰਦਰ ਨੂੰ ਕੋਈ ਵੀ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। ਇਸ ਲਈ ਮਾਨ ਸਰਕਾਰ ਮੰਦਰ ਦੇ ਨਵੀਨੀਕਰਨ ਲਈ 200 ਕਰੋੜ ਰੁਪਏ ਦੀ ਰਕਮ ਦੇਵੇ।

ਉਨ੍ਹਾਂ ਕਿਹਾ ਕਿ ਮੰਦਰ ਦੇ ਸੁੰਦਰੀਕਰਨ ਦੇ ਕੰਮ ਵਿੱਚ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵੱਲੋਂ ਮੰਦਰ ਲਈ ਨਿਯੁਕਤ ਕੀਤੇ ਗਏ ਚੇਅਰਮੈਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਮੰਦਰ ਦਾ ਕੰਮਕਾਜ ਅਰਵਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਦਿੱਲੀ ਦੇ ਇੱਕ ਵਿਅਕਤੀ ਵੱਲੋਂ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਪਵਿੱਤਰ ਨਰਾਤੇ ਸ਼ੁਰੂ ਹੋਣ ਵਾਲੇ ਹਨ। ਇਸ ਲਈ ਪ੍ਰਸ਼ਾਸਨ ਅਤੇ ਮੰਦਰ ਦੀ ਸਲਾਹਕਾਰ ਕਮੇਟੀ ਜੇਬਕਤਰਿਆਂ ਅਤੇ ਪ੍ਰਸ਼ਾਦ ਮਾਫੀਆ ਵੱਲੋਂ ਸ਼ਰਧਾਲੂਆਂ ਦੀ ਕਥਿਤ ਲੁੱਟ-ਖਸੁੱਟ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰੇ।

ਮੀਟਿੰਗ ਵਿੱਚ ਕੌਮੀ ਮੀਤ ਪ੍ਰਧਾਨ ਰਾਜ ਸਿੰਘ, ਐਡਵੋਕੇਟ ਗੁਰਪ੍ਰੀਤ ਕਪੂਰ, ਐਡਵੋਕੇਟ ਅਨਿਲ ਸਹਿਗਲ, ਐਡਵੋਕੇਟ ਸੁਰਿੰਦਰ ਚੌਹਾਨ, ਐਡਵੋਕੇਟ ਹਰਵਿੰਦਰ ਆਹਲੂਵਾਲੀਆ, ਐਡਵੋਕੇਟ ਸ਼ਸ਼ੀਪਾਲ ਵਰਮਾ ਅਤੇ ਐਡਵੋਕੇਟ ਪ੍ਰੇਮ ਕੁਮਾਰ ਸਮੇਤ ਹੋਰ ਵਿਅਕਤੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਵੱਲੋਂ ਸ਼ਿਵ ਸੈਨਾ ਸ਼ੇਰ-ਏ-ਹਿੰਦ ਦੇ ਕੌਮੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਜਾਰੀ ਕਰਤਾ: ਗੁਰਜੋਤ ਗੋਲਡੀ, ਜ਼ਿਲ੍ਹਾ ਪ੍ਰਧਾਨ, ਸ਼ਿਵ ਸੈਨਾ ਸ਼ੇਰ-ਏ-ਹਿੰਦ, ਜ਼ਿਲ੍ਹਾ ਪਟਿਆਲਾ

ਮੋਬਾਈਲ: 9256709091, 9877061304