ਗੜ੍ਹਸ਼ੰਕਰ 2 ਸਤੰਬਰ:- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਖੋਜ ਅਤੇ ਅਧਿਐਨ ਦੀਆਂ ਨਵੀਂ ਰੁਚੀਆਂ ਪੈਦਾ ਕਰਨ ਦੇ ਮੰਤਵ ਨਾਲ 'ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਅਧਿਐਨ ਅਤੇ ਅਧਿਆਪਨ' ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਿਸੋਰਸ ਪਰਸਨ ਵਜੋਂ ਐਡਵੋਕੇਟ ਰੂਬਲ ਅਤੇ ਸੀਨੀਅਰ ਅਧਿਆਪਕ ਜਸਵਿੰਦਰ ਜੱਸਲ ਨੇ ਸ਼ਿਰਕਤ ਕੀਤੀ ਜਦਕਿ ਮੁੱਖ ਮਹਿਮਾਨ ਵੱਜੋਂ ਨੌਜਵਾਨ ਸਮਾਜ ਸੇਵੀ ਬਲਵਿੰਦਰ ਕੁਮਾਰ ਮਨੌਲੀਆਂ ਹਾਜ਼ਰ ਸਨ।
ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਮਸਨੂਈ ਬੌਧਿਕਤਾ ਦੇ ਦੌਰ ਵਿਚ ਅਧਿਐਨ ਦੀਆਂ ਨਵੀਆਂ ਰੁਚੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ ਤਜਿੰਦਰ ਸਿੰਘ ਨੇ ਹਾਜ਼ਰ ਮਹਿਮਾਨ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਈ ਅਤੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਅਧਿਐਨ ਅਧਿਆਪਨ ਸਬੰਧੀ ਅਜਿਹਾ ਸੰਵਾਦ ਵਿਦਿਆਰਥੀਆਂ ਅੰਦਰ ਖੋਜ ਦੀਆਂ ਨਵੀਆਂ ਰੁਚੀਆਂ ਪੈਦਾ ਕਰਦਾ ਹੈ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਸ੍ਰਿਸ਼ਟੀ, ਗੁਰਪ੍ਰੀਤ ਕੌਰ, ਹਰਲੀਨ, ਅਹਿਸਾਸ, ਸਕੀਨਾ , ਜੈਸਮੀਨ ਅਤੇ ਗੁਰਲੀਨ ਕੌਰ ਨੇ ਭਖਵੇਂ ਸੰਵਾਦ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਏ ਆਈ ਨਾਲ ਅਧਿਐਨ, ਖੋਜ ਅਤੇ ਅਧਿਆਪਨ ਖੇਤਰ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਦੱਸਿਆ। ਵਿਦਿਆਰਥੀਆਂ ਨੇ ਗੰਭੀਰ ਸੰਵਾਦ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਅਨੇਕਾਂ ਚੰਗੇ ਮੰਦੇ ਪੱਖ ਵਿਚਾਰੇ ਗਏ। ਇਸ ਮੌਕੇ ਐਡਵੋਕੇਟ ਰੂਬਲ ਅਤੇ ਜਸਵਿੰਦਰ ਜੱਸਲ ਨੇ ਏ ਆਈ ਅਤੇ ਮਨੁੱਖੀ ਬੌਧਿਕਤਾ ਦੇ ਵਾਜਬ ਸੁਮੇਲ ਬਾਰੇ ਵਿਚਾਰ ਰੱਖੇ।
ਉਨ੍ਹਾਂ ਕਿਹਾ ਕਿ ਮਸਨੂਈ ਬੌਧਿਕਤਾ ਦੇ ਵਿਰੋਧ ਜਾਂ ਸਮਰਥਨ ਦੀ ਥਾਂ ਇਸਦੀ ਸਹਿਹੋੰਦ ਨਾਲ ਹੀ ਮਨੁੱਖਤਾ ਪੱਖੀ ਵਿਕਾਸ ਵੱਲ ਵਧਣ ਦੀ ਲੋੜ ਹੈ। ਮੁੱਖ ਮਹਿਮਾਨ ਬਲਵਿੰਦਰ ਕੁਮਾਰ ਨੇ ਅਜਿਹੇ ਸੰਵਾਦ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਹਾਜ਼ਰ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੀ ਕਾਰਵਾਈ ਪ੍ਰੋ ਰੁਕਮਣੀ ਨੇ ਚਲਾਈ। ਸਮਾਰੋਹ ਮੌਕੇ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਅਧਿਐਨ ਅਤੇ ਅਧਿਆਪਨ ਵਿਸ਼ੇ ਤੇ ਸੈਮੀਨਾਰ
