ਹੁਸ਼ਿਆਰਪੁਰ:- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ  ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਸਟੇਡੀਅਮ ਵਿੱਚ ਪੰਜਾਬ ਫੁੱਟਬਾਲ ਫੈਡਰੇਸ਼ਨ ਵੱਲੋਂ ਕਰਵਾਈ ਜਾ ਰਹੀ ਸੰਤੋਸ਼ ਟਰਾਫ਼ੀ ਤਹਿਤ 79ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ-ਏ ਦੇ ਅਗਲੇ ਗੇੜ ਵਿਚ ਦਿਲਚਸਪ ਮੈਚ ਵੇਖਣ ਨੂੰ ਮਿਲੇ। ਦਿਨ ਦੇ ਪਹਿਲੇ ਮੈਚ ਵਿਚ ਜੰਮੂ ਕਸ਼ਮੀਰ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਨੂੰ 3-0 ਦੇ ਫਰਕ ਨਾਲ ਹਰਾਇਆ। 
ਇਸ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਐਸ ਪੀ ਮੇਜਰ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ  ਕਿਹਾ ਕਿ ਖੇਡਾਂ ਨਾਲ ਹੀ ਤੰਦਰੁਸਤ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ ਅਤੇ ਸੰਤੋਸ਼ ਟਰਾਫੀ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਅਗਲੇ ਮੈਚ ਵਿਚ 
  ਪੰਜਾਬ ਨੇ ਲੱਦਾਖ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਸੰਤੋਸ਼ ਟਰਾਫੀ ਦਾ ਆਯੋਜਨ ਹੋਣਾ ਮਾਣ ਵਾਲੀ ਗੱਲ ਹੈ। 
ਇਸ ਮੌਕੇ ਪ੍ਰਿੰਸੀਪਲ ਜਗਮੋਹਨ ਸਿੰਘ, ਪਰਮਿੰਦਰ ਸਿੰਘ ਗਰੇਵਾਲ, ਪ੍ਰਿੰਸੀਪਲ ਜੁਗਲ ਕਿਸ਼ੋਰ, ਐੱਸਪੀ ਸ਼ਮਿੰਦਰਜੀਤ ਸਿੰਘ ਬੈਂਸ, ਮਨਮੋਹਨ ਸਿੰਘ ਰੋਪੜ ਡੀਐਸਏ, ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਡਾ ਪਰਮਪ੍ਰੀਤ ਸਿੰਘ ਕੈਂਡੋਵਾਲ, ਮਾਸਟਰ ਬਨਿੰਦਰ ਸਿੰਘ, ਬਲਜਿੰਦਰ ਮਾਨ, ਡਾ ਜੇ ਬੀ ਸੇਖੋਂ, ਇੰਜਨੀਅਰ ਤਰਲੋਚਨ ਸਿੰਘ, ਇਕਬਾਲ ਸਿੰਘ ਖੇੜਾ, ਵਿਜੇ ਬਾਲੀ ਆਦਿ ਸਮੇਤ ਅਨੇਕਾਂ ਖੇਡ ਦਰਸ਼ਕ ਹਾਜ਼ਰ ਸਨ।